ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ,ਕਰਤਾ ਵੱਡਾ ਐਲਾਨ

ਮੁੰਬਈ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਇਨਸਾਫ਼ ਹਾਲੇ ਤੱਕ ਨਹੀਂ ਮਿਲਿਆ। ਸਿੱਧੂ ਦੇ ਮਾਪੇ ਅਤੇ ਉਸ ਨੂੰ ਚਾਹੁਣ ਵਾਲੇ ਪ੍ਰਸ਼ੰਸਕ ਪੰਜਾਬ ਸਰਕਾਰ ਅਤੇ ਪੁਲਸ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹਨ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦੁਖ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਤੇ ਪੁਲਸ ਗੰਭੀਰ ਨਜ਼ਰ ਨਹੀਂ ਆ ਰਹੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। 

ਖ਼ਬਰਾਂ ਹਨ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਨਵੇਂ ਸਾਲ ਮੌਕੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿੰਡ ਮੂਸਾ ‘ਚ ਗਾਇਕ ਦੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲਾ ਸਾਲ ਉਨ੍ਹਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਦੇ ਗਿਆ ਹੈ, ਜਿਸ ਨੂੰ ਉਹ ਆਖ਼ਰੀ ਸਾਹ ਤੱਕ ਨਹੀਂ ਭੁਲਾ ਸਕਦੇ। ਚਰਨ ਕੌਰ ਨੇ ਗਿਲਾ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਅਜੇ ਤੱਕ ਮੇਰੇ ਪੁੱਤ ਦੇ ਕਾਤਲਾਂ ਨੂੰ ਨਹੀਂ ਫੜ ਸਕੀ ਅਤੇ ਹੁਣ ਪੁਲਸ ਤੋਂ ਇਹ ਉਮੀਦ ਵੀ ਖ਼ਤਮ ਹੁੰਦੀ ਜਾ ਰਹੀ ਹੈ। 

ਦੱਸ ਦਈਏ ਕਿ ਸਿੱਧੂ ਦੇ ਪਰਿਵਾਰ ਨੇ ਪੁੱਤਰ ਦੇ ਕਤਲ ਮਾਮਲੇ ‘ਚ ਸ਼ਾਮਲ ਕੁਝ ਮੁਲਜ਼ਮਾਂ ਦੇ ਨਾਂ ਲਿਖਤੀ ਤੌਰ ’ਤੇ ਪੁਲਸ ਤੇ ਸੂਬਾ ਸਰਕਾਰ ਨੂੰ ਸੌਂਪੇ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਨਿਆਂ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਗਾਇਕ ਦੇ ਕਤਲ ’ਚ ਸ਼ਾਮਲ ਮੁਲਜ਼ਮਾਂ ਦੇ ਨਾਂ ਜਨਤਕ ਕੀਤੇ ਜਾਣ। ਉਹ ਚਾਹੁੰਦੇ ਹਨ ਕਿ ਨਾ ਸਿਰਫ਼ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲੇ, ਸਗੋਂ ਸਿੱਧੂ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦਾ ਵੀ ਪਰਦਾਫਾਸ਼ ਵੀ ਹੋਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਲੈਣ ਲਈ ਉਹ ਪੁਲਸ ਤੇ ਸਰਕਾਰ ਨੂੰ ਥੋੜ੍ਹਾ ਸਮਾਂ ਹੋਰ ਦੇਣਗੇ, ਇਸ ਮਗਰੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾੜੇ ਸਿਸਟਮ ਦੀ ਭੇਟ ਚੜ੍ਹ ਕੇ ਪੰਜਾਬ ਦਾ ਇੱਕ ਹੀਰਾ ਗਾਇਕ ਸਦਾ ਲਈ ਗੁਆਚ ਗਿਆ ਹੈ, ਜਿਸ ਦਾ ਦੁੱਖ ਰਹਿੰਦੀ ਜ਼ਿੰਦਗੀ ਤੱਕ ਉਨ੍ਹਾਂ ਦੇ ਦਿਲਾਂ ‘ਚ ਰਹੇਗਾ। ਉਨ੍ਹਾਂ ਨੇ ਬੀਤ ਚੁੱਕੇ ਸਾਲ 2022 ਨੂੰ ਪਰਿਵਾਰ ਲਈ ਦੁਖਦਾਈ ਦੱਸਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਸ ਵੇਲੇ ਵਿਦੇਸ਼ ਦੌਰੇ ’ਤੇ ਹੋਣ ਕਾਰਨ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਨਹੀਂ ਕਰ ਸਕੇ ਹਨ। ਉਹ ਲਗਪਗ ਇਕ ਹਫ਼ਤਾ ਪਹਿਲਾਂ ਬਰਤਾਨੀਆ ਗਏ ਸਨ ਤੇ ਤਕਰੀਬਨ ਇਕ ਹਫ਼ਤਾ ਹੋਰ ਉਥੇ ਰਹਿਣ ਮਗਰੋਂ ਦੇਸ਼ ਪਰਤਣਗੇ।

Add a Comment

Your email address will not be published. Required fields are marked *