ਰਾਹੁਲ ਨੇ ਖੁਦ 113 ਵਾਰ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕੀਤੀ: ਕੇਂਦਰ

ਨਵੀਂ ਦਿੱਲੀ, 29 ਦਸੰਬਰ-: ਸਰਕਾਰੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਲਈ ਨਿਰਧਾਰਤ ਦਿਸ਼ਾ ਨਿਰਦੇਸ਼ ਤਹਿਤ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਪਰ ਉਨ੍ਹਾਂ ਖੁਦ 2020 ਤੋਂ ਹੁਣ ਤੱਕ 113 ਵਾਰ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਇੱਕ ਦਿਨ ਪਹਿਲਾਂ ਹੀ ਕੌਮੀ ਰਾਜਧਾਨੀ ’ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਕਥਿਤ ਤੌਰ ’ਤੇ ਸੁਰੱਖਿਆ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਕਾਂਗਰਸ ਨੇ ਕੇੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੀਤੇ ਦਿਨ ਲਿਖੇ ਪੱਤਰ ’ਚ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਸੰਨ੍ਹ ਲੱਗਣ ਦਾ ਦਾਅਵਾ ਕਰਦਿਆਂ ਯਾਤਰਾ ’ਚ ਹਿੱਸਾ ਲੈਣ ਵਾਲੇ ਗਾਂਧੀ ਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਨੇ ਕਿਹਾ, ‘ਦਿਸ਼ਾ ਨਿਰਦੇਸ਼ ਤਹਿਤ ਰਾਹੁਲ ਗਾਂਧੀ ਸੁਰੱਖਿਆ ਦੇ ਪੂਰੇ ਬੰਦੋਬਸਤ ਕੀਤੇ ਗਏ ਸਨ।’ ਕਾਂਗਰਸ ਦੇ ਦੋਸ਼ ਖਾਰਜ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਤਾਂ ਹੀ ਕਾਰਗਰ ਹੁੰਦੀ ਹੈ ਜਦੋਂ ਸਬੰਧਤ ਧਿਰ ਨਿਰਧਾਰਤ ਦਿਸ਼ਾ ਨਿਰਦੇਸ਼ ਦਾ ਪਾਲਣ ਕਰੇ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਕਈ ਮੌਕਿਆਂ ’ਤੇ ਰਾਹੁਲ ਗਾਂਧੀ ਨੇ ਖੁਦ ਨਿਰਧਾਰਤ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕੀਤੀ ਅਤੇ ਇਸ ਬਾਰੇ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਜਾਣੂ ਵੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਰਾਹੁਲ ਨੇ 2020 ਤੋਂ ਸੁਰੱਖਿਆ ਸਬੰਧੀ ਹਦਾਇਤਾਂ ਦੀ 113 ਵਾਰ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਦਿੱਲੀ ਪੜਾਅ ਦੌਰਾਨ ਰਾਹੁਲ ਗਾਂਧੀ ਨੇ ਸੁਰੱਖਿਆ ਹਦਾਇਤਾਂ ਦੀ ਉਲੰਘਣਾ ਕੀਤੀ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ, ਜੋ ਉਨ੍ਹਾਂ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਮੁਹੱਈਆ ਕਰਦੀ ਹੈ, ਇਸ ਮਾਮਲੇ ਨੂੰ ਵੱਖਰੇ ਤੌਰ ’ਤੇ ਚੁੱਕੇਗੀ।

Add a Comment

Your email address will not be published. Required fields are marked *