ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਦਿਹਾਂਤ

ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਸ਼ੁੱਕਰਵਾਰ ਤੜਕੇ ਇੱਥੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 99 ਸਾਲ ਸੀ। ਹੀਰਾਬੇਨ ਨੂੰ ਕੁਝ ਸਿਹਤ ਸਮੱਸਿਆਵਾਂ ਕਾਰਨ ਬੁੱਧਵਾਰ ਸਵੇਰੇ ਅਹਿਮਦਾਬਾਦ ਦੇ ‘ਯੂ.ਐੱਨ. ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ’ ‘ਚ ਭਰਤੀ ਕਰਵਾਇਆ ਗਿਆ ਸੀ। ਆਪਣੇ ਬੁਲੇਟਿਨ ਵਿੱਚ ਹਸਪਤਾਲ ਨੇ ਕਿਹਾ, “ਹੀਰਾਬੇਨ ਮੋਦੀ ਦਾ ਯੂ.ਐੱਨ. ਮਹਿਤਾ ਹਾਰਟ ਹਸਪਤਾਲ ਵਿਚ ਇਲਾਜ ਦੌਰਾਨ 30 ਦਸੰਬਰ 2022 ਨੂੰ ਤੜਕੇ 3.30 ਵਜੇ ਦਿਹਾਂਤ ਹੋ ਗਿਆ। ਆਪਣੀ ਮਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਸ਼ਾਨਦਾਰ ਸਦੀ ਦਾ ਪ੍ਰਮਾਤਮਾ ਦੇ ਚਰਨਾਂ ਵਿਚ ਵਿਰਾਮ… ਮਾਂ ਵਿਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿਚ ਇਕ ਤਪੱਸਵੀ ਦੀ ਯਾਤਰਾ, ਇਕ ਨਿਰਸਵਾਰਥ ਕਰਮ ਯੋਗੀ ਦਾ ਪ੍ਰਤੀਕ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।’

ਉਨ੍ਹਾਂ ਨੇ ਟਵੀਟ ਕੀਤਾ, ”ਜਦੋਂ ਮੈਂ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਇਕ ਗੱਲ ਕਹੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ।” ਪ੍ਰਧਾਨ ਮੰਤਰੀ ਮੋਦੀ ਦੇ ਜਲਦ ਹੀ ਅਹਿਮਦਾਬਾਦ ਪਹੁੰਚਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਦੀ ਬੀਮਾਰੀ ਦੀ ਖ਼ਬਰ ਮਿਲਣ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਦਿੱਲੀ ਤੋਂ ਅਹਿਮਦਾਬਾਦ ਪਹੁੰਚੇ ਸਨ ਅਤੇ ਇੱਥੇ ਹਸਪਤਾਲ ‘ਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ। ਉਹ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਹਸਪਤਾਲ ਵਿੱਚ ਰੁਕੇ ਸਨ। ਉਨ੍ਹਾਂ ਸਿਵਲ ਹਸਪਤਾਲ ਦੇ ਕੰਪਲੈਕਸ ਵਿੱਚ ਸਥਿਤ ਸਰਕਾਰੀ ਸਹਾਇਤਾ ਪ੍ਰਾਪਤ ਆਟੋਨੋਮਸ ਮੈਡੀਕਲ ਸਹੂਲਤ ਦੇ ਡਾਕਟਰਾਂ ਨਾਲ ਵੀ ਮਾਂ ਦੀ ਸਿਹਤ ਸਬੰਧੀ ਗੱਲਬਾਤ ਕੀਤੀ ਸੀ। ਹੀਰਾਬੇਨ ਗਾਂਧੀਨਗਰ ਸ਼ਹਿਰ ਦੇ ਨੇੜੇ ਰਾਏਸਾਨ ਪਿੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਸੀ। ਉਨ੍ਹਾਂ ਨੂੰ ਹੀਰਾ ਬਾ ਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਜਦੋਂ ਵੀ ਗੁਜਰਾਤ ਜਾਂਦੇ ਸਨ ਤਾਂ ਉਹ ਰਾਏਸਨ ਜਾ ਕੇ ਆਪਣੀ ਮਾਂ ਨੂੰ ਜ਼ਰੂਰ ਮਿਲਦੇ ਸਨ।

Add a Comment

Your email address will not be published. Required fields are marked *