ਵਿਸ਼ਵ ਦਾ ਨੰਬਰ ਇਕ ਟੀ-20 ਬੱਲੇਬਾਜ਼ ਹੋਣਾ ਸੁਪਨੇ ਵਰਗਾ ਲੱਗਦੈ : ਸੂਰਯਕੁਮਾਰ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਦੀ ਨਵੀਂ ਸਨਸਨੀ ਸੂਰਯਕੁਮਾਰ ਯਾਦਵ ਨੂੰ ਟੀ-20 ਕੌਮਾਂਤਰੀ ਕ੍ਰਿਕਟ ਵਿਚ ਵਿਸ਼ਵ ਦਾ ਨੰਬਰ ਇਕ ਖਿਡਾਰੀ ਬਣਨਾ ਅਜੇ ਵੀ ਸੁਪਨੇ ਵਰਗਾ ਲੱਗਦਾ ਹੈ ਪਰ ਉਹ ਸੀਮਤ ਓਵਰਾਂ ਦੇ ਸਵਰੂਪ ਤਕ ਹੀ ਸੀਮਤ ਨਹੀਂ ਰਹਿਣਾ ਚਾਹੁੰਦਾ ਹੈ ਤੇ ਉਸਦਾ ਟੈਸਟ ਕ੍ਰਿਕਟ ਵਿਚ ਵੀ ਆਪਣਾ ਜਲਵਾ ਦਿਖਾਉਣ ਦੀ ਦਿਲੀ ਤਮੰਨਾ ਹੈ। ਸੂਰਯਕੁਮਾਰ ਨੇ ਇੰਟਰਵਿਊ ਵਿਚ ਟੀ-20 ਰੈਂਕਿੰਗ ਵਿਚ ਚੋਟੀ ’ਤੇ ਕਾਬਜ਼ ਹੋਣ, ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੇ ਟੈਸਟ ਕ੍ਰਿਕਟ ਖੇਡਣ ਦੀ ਆਪਣਾ ਤਮੰਨਾ ਨੂੰ ਲੈ ਕੇ ਗੱਲ ਕੀਤੀ।

ਸੂਰਯਕੁਮਾਰ ਨਾਲ ਹੋਈ ਇੰਟਰਵਿਊ ਦੇ ਅੰਸ਼ ਇਸ ਤਰ੍ਹਾਂ ਹਨ-

ਸਵਾਲ : ਜੇਕਰ ਅੱਜ ਤੋਂ ਇਕ ਸਾਲ ਪਹਿਲਾਂ ਕਿਹਾ ਜਾਂਦਾ ਕਿ ਸਾਲ ਦੇ ਆਖਿਰ ਵਿਚ ਤੁਸੀਂ ਟੀ-20 ਕ੍ਰਿਕਟ ਵਿਚ ਨੰਬਰ ਇਕ ਬੱਲੇਬਾਜ਼ ਬਣੋਗੇ ਤਾਂ ਕੀ ਤੁਸੀਂ ਇਸ ’ਤੇ ਭਰੋਸਾ ਕਰਦੇ?

ਜਵਾਬ : ਇਹ ਅਜੇ ਵੀ ਸੁਪਨੇ ਵਰਗੇ ਲੱਗਦਾ ਹੈ। ਜੇਕਰ ਸਾਲ ਭਰ ਪਹਿਲਾਂ ਕਿਸੇ ਨੇ ਮੈਨੂੰ ਟੀ-20 ਕ੍ਰਿਕਟ ਦਾ ਨੰਬਰ ਇਕ ਬੱਲੇਬਾਜ਼ ਕਿਹਾ ਹੁੰਦਾ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਪ੍ਰਤੀਕਿਰਿਆ ਕਰਦਾ। ਜਦੋਂ ਮੈਂ ਇਸ ਸਵਰੂਪ ਵਿਚ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਤੇ ਇਸਦੇ ਲਈ ਮੈਂ ਸਖਤ ਮਿਹਨਤ ਕੀਤੀ ਸੀ।

ਸਵਾਲ : ਹੁਣ ਪਹਿਲ 2023 ਵਿਚ ਹੋਣ ਵਾਲਾ ਵਨ ਡੇ ਵਿਸ਼ਵ ਕੱਪ ਹੋਵੇਗਾ ਤਾਂ ਕੀ ਤੁਸੀਂ 50 ਓਵਰਾਂ ਦੇ ਸਵਰੂਪ ਲਈ ਆਪਣੀ ਖੇਡ ਵਿਚ ਬਦਲਾਅ ਕਰੋਗੇ?

ਜਵਾਬ : ਜਦੋਂ ਮੈਂ ਕਿਸੇ ਸਵਰੂਪ ਵਿਚ ਖੇਡ ਰਿਹਾ ਹੁੰਦਾ ਹਾਂ ਤਾਂ ਉਸਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਦਾ, ਕਿਉਂਕਿ ਮੈਂ ਜਦੋਂ ਵੀ ਬੱਲੇਬਾਜ਼ੀ ਲਈ ਜਾਂਦਾ ਹਾਂ ਤਾਂ ਉਸਦਾ ਭਰਪੂਰ ਮਜ਼ਾ ਲੈਂਦਾ ਹਾਂ। ਮੈਂ ਇਹ ਹੀ ਸੋਚਦਾ ਹਾਂ ਕਿ ਜਦੋਂ ਵੀ ਮੈਂ ਕ੍ਰੀਜ਼ ’ਤੇ ਜਾਵਾਂ ਤਾਂ ਮੈਂ ਮੈਚ ਵਿਚ ਪਾਸਾ ਪਲਟਣ ਵਾਲਾ ਪ੍ਰਦਰਸ਼ਨ ਕਰਾਂ। ਮੈਨੂੰ ਬੱਲੇਬਾਜ਼ੀ ਕਰਨਾ ਪਸੰਦ ਹੈ, ਫਿਰ ਭਾਵੇਂ ਉਹ ਟੀ-20, ਵਨ ਡੇ ਜਾਂ ਰਣਜੀ ਟਰਾਫੀ ਕੁਝ ਵੀ ਹੋਵੇ।

ਸਵਾਲ : ਕੀ ਤੁਹਾਨੂੰ ਆਸਟਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦੀ ਉਮੀਦ ਹੈ?

ਜਵਾਬ : ਮੈਂ ਲਾਲ ਗੇਂਦ ਨਾਲ ਉਮਰ ਵਰਗ ਦੇ ਰਾਸ਼ਟਰੀ ਪੱਧਰ ’ਤੇ ਖੇਡਣਾ ਸ਼ੁਰੂ ਕੀਤਾ, ਇਸ ਲਈ ਇਸਦਾ ਜਵਾਬ ਇਸ ਵਿਚ ਸ਼ਾਮਲ ਹੈ। 5 ਦਿਨਾ ਮੈਚਾਂ ਵਿਚ ਤੁਹਾਡੇ ਸਾਹਮਣੇ ਪੇਚੀਦਾ ਹਾਲਾਤ ਹੁੰਦੇ ਹਨ ਪਰ ਰੋਮਾਂਚਕ ਸਥਿਤੀਆਂ ਵੀ ਹੁੰਦੀਆਂ ਹਨ ਅਤੇ ਤੁਸੀਂ ਚੁਣੌਤੀ ਦਾ ਸਾਹਮਣਾ ਕਰਨਾ ਚਾਹੁੰਦੇ ਹੋ। ਹਾਂ, ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਤਿਆਰ ਹਾਂ।’’

ਸਵਾਲ : ਕਲਾ ਸਿੱਖੀ ਜਾ ਸਕਦੀ ਹੈ ਪਰ ਕਿਸੇ ਖਿਡਾਰੀ ਨੂੰ ਉੱਚ ਪੱਧਰ ’ਤੇ ਖੇਡਣ ਲਈ ਮਾਨਸਿਕ ਰੂਪ ਨਾਲ ਕਿਵੇਂ ਤਿਆਰ ਕਰਨਾ ਚਾਹੀਦਾ ਹੈ?

ਜਵਾਬ : ਮੈਂ ਇਹ ਹੀ ਕਹਾਂਗਾ ਕਿ ਇਹ ਕਦੇ ਅਸੰਭਵ ਨਹੀਂ ਹੁੰਦਾ ਹੈ ਪਰ ਨਿਸ਼ਚਿਤ ਤੌਰ ’ਤੇ ਮੁਸ਼ਕਿਲ ਹੁੰਦਾ ਹੈ। ਇਸਦੇ ਲਈ ਤੁਹਾਡਾ ਰਵੱਈਆ ਚੰਗਾ ਹੋਣਾ ਚਾਹੀਦਾ ਹੈ। ਮੈਂ ਵਧੇਰੇ ਅਭਿਆਸ ਕਰਨ ਦੀ ਬਜਾਏ ਬਿਹਤਰ ਅਭਿਆਸ ਕਰਨ ’ਤੇ ਧਿਆਨ ਦਿੰਦਾ ਹਾਂ। ਮੈਂ ਤੇ ਮੇਰੇ ਪਰਿਵਾਰ ਨੇ ਕਾਫੀ ਬਲਿਦਾਨ ਦਿੱਤੇ ਹਨ। ਭਾਰਤ ਵਲੋਂ ਡੈਬਿਊ ਕਰਨ ਤੋਂ ਪਹਿਲਾਂ ਮੈਂ 10 ਸਾਲ ਤਕ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਖੇਡਦਾ ਰਿਹਾ ਹਾਂ। ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਤੁਹਾਨੂੰ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਤੇ ਇਸ ਲਈ ਜਦੋਂ ਤੁਸੀਂ ਕੌਮਾਂਤਰੀ ਪੱਧਰ ’ਤੇ ਖੇਡਦੇ ਹੋ ਅਤੇ ਵੱਖ-ਵੱਖ ਤਰ੍ਹਾਂ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਦੇ ਹੋ ਤਾਂ ਫਿਰ ਤੁਹਾਨੂੰ ਸਿਰਫ ਖੁਦ ਨੂੰ ਪ੍ਰਗਟ ਕਰਨ ਦੀ ਲੋੜ ਹੁੰਦੀ ਹੈ।’’

ਸਵਾਲ : ਪਿਛਲੇ ਕੁਝ ਸਾਲਾਂ ਤੋਂ ਘਰੇਲੂ ਪੱਧਰ ’ਤੇ ਅਤੇ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਦੂਜ ਰਾਸ਼ਟਰੀ ਟੀਮ ਵਿਚ ਚੋਣ ਨਾ ਹੋਣ ’ਤੇ ਕੀ ਤੁਹਾਨੂੰ ਨਿਰਾਸ਼ਾ ਹੁੰਦੀ ਸੀ ਜਾਂ ਗੁੱਸਾ ਆਉਂਦਾ ਸੀ?

ਜਵਾਬ : ਮੈਂ ਇਹ ਨਹੀਂ ਕਹਾਂਗਾ ਕਿ ਮੈਂ ਖਿੱਜ ਜਾਂਦਾ ਸੀ ਪਰ ਹਮੇਸ਼ਾ ਮੈਂ ਇਹ ਸੋਚਦਾ ਸੀ ਕਿ ਅਗਲੇ ਪੱਧਰ ’ਤੇ ਜਾਣ ਲਈ ਵੱਖਰਾ ਕੀ ਕਰਨਾ ਪਵੇਗਾ। ਇਸ ਲਈ ਮੈਂ ਸਖਤ ਮਿਹਨਤ ਕਰਨੀ ਜਾਰੀ ਰੱਖੀ ਤੇ ਤੁਹਾਨੂੰ ਇਸਦੇ ਨਾਲ ਹੀ ਆਪਣੀ ਖੇਡ ਦਾ ਵੀ ਮਜ਼ਾ ਲੈਣਾ ਹੁੰਦਾ ਹੈ। ਤੁਸੀਂ ਇਸ ਲਈ ਕ੍ਰਿਕਟ ਖੇਡਣੀ ਸ਼ੁਰੂ ਕਰਦੇ ਹੋ। ਮੈਂ ਜਾਣਦਾ ਸੀ ਕਿ ਜੇਕਰ ਮੈਂ ਨਤੀਜੇ ’ਤੇ ਧਿਆਨ ਨਾ ਦਿੱਤਾ ਤੇ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਾਂ ਤਾਂ ਮੈਂ ਕਿਸੇ ਦਿਨ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹਾਂਗਾ।’’

ਸਵਾਲ : ਕੀ ਤੁਸੀਂ ਸਾਨੂੰ ਆਪਣੀ 360 ਡਿਗਰੀ ਤਕਨੀਕ ਦੇ ਬਾਰੇ ਵਿਚ ਕੁਝ ਦੱਸ ਸਕਦੇ ਹੋ?

ਜਵਾਬ : ਇਹ ਦਿਲਚਸਪ ਕਹਾਣੀ ਹੈ। ਮੇਰੇ ਸਕੂਲ ਤੇ ਕਾਲਜ ਦੇ ਦਿਨਾਂ ਵਿਚ ਮੈਂ ਰਬੜ ਦੀ ਗੇਂਦ ਨਾਲ ਕਾਫੀ ਕ੍ਰਿਕਟ ਖੇਡੀ ਹੈ। ਸੀਮੈਂਟ ਦੀਅਾਂ ਸਖਤ ਪਿੱਚਾਂ ’ਤੇ ਅਤੇ ਮੀਂਹ ਦੇ ਦਿਨਾਂ ਵਿਚ 15 ਗਜ਼ ਦੀ ਦੂਰੀ ਤੋਂ ਕੀਤੀ ਗਈ ਗੇਂਦ ਤੇਜ਼ੀ ਨਾਲ ਆਉਂਦੀ ਸੀ ਅਤੇ ਜੇਕਰ ਲੈੱਗ ਸਾਈਡ ਦੀ ਬਾਊਂਡਰੀ 95 ਗਜ਼ ਹੁੰਦੀ ਸੀ ਤਾਂ ਆਫ ਸਾਈਡ ਦੀ 25 ਤੋਂ 30 ਗਜ਼ ਹੀ ਹੁੰਦੀ ਸੀ। ਇਸ ਲਈ ਆਫ ਸਾਈਡ ਦੀ ਬਾਊਂਡਰੀ ਬਚਾਉਣ ਲਈ ਜ਼ਿਆਦਾਤਰ ਗੇਂਦਬਾਜ਼ ਮੇਰੇ ਸਰੀਰ ਨੂੰ ਨਿਸ਼ਾਨਾ ਬਣਾ ਕੇ ਗੇਂਦਬਾਜ਼ੀ ਕਰਦੇ ਸਨ। ਅਜਿਹੇ ਵਿਚ ਮੈਂ ਕਈ ਤਰ੍ਹਾਂ ਨਾਲ ਆਪਣੀਆਂ ਬਾਹਾਂ ਦਾ ਇਸਤੇਮਾਲ ਕਰਨਾ, ਪੁਲ ਕਰਨਾ ਤੇ ਅਪਰ ਕੱਟ ਲਗਾਉਣਾ ਸਿੱਖਿਆ। ਮੈਂ ਨੈੱਟ ’ਤੇ ਕਦੇ ਇਸਦਾ ਅਭਿਆਸ ਨਹੀਂ ਕੀਤਾ।’’

ਸਵਾਲ : ਵਿਰਾਟ ਕੋਹਲੀ, ਰੋਹਿਤ ਸ਼ਰਮਾ ਦੇ ਨਾਲ ਤੁਹਾਡੇ ਸਬੰਧ ਕਿਸ ਤਰ੍ਹਾਂ ਦੇ ਹਨ?

ਜਵਾਬ : ਅਸਲ ਵਿਚ ਮੈਂ ਬੇਹੱਦ ਖੁਸ਼ਕਿਸਮਤ ਹਾਂ ਜਿਹੜਾ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਖੇਡ ਰਿਹਾ ਹਾਂ। ਉਹ ਕੌਮਾਂਤਰੀ ਕ੍ਰਿਕਟ ਦੇ ਧਾਕੜ ਸਿਤਾਰੇ ਹਨ। ਉਨ੍ਹਾਂ ਨੇ ਜੋ ਕੁਝ ਹਾਸਲ ਕੀਤਾ ਹੈ, ਮੈਂ ਨਹੀਂ ਜਾਣਦਾ ਕਿ ਮੈਂ ਕਦੇ ਉਸ ਨੂੰ ਹਾਸਲ ਕਰ ਸਕਾਂਗਾ ਜਾਂ ਨਹੀਂ। ਹਾਲ ਹੀ ਵਿਚ ਮੈਂ ਵਿਰਾਟ ਭਰਾ ਦੇ ਨਾਲ ਕੁਝ ਚੰਗੀਆਂ ਸਾਂਝੇਦਾਰੀਆਂ ਨਿਭਾਈਆਂ ਤੇ ਮੈਂ ਉਸਦੇ ਨਾਲ ਬੱਲੇਬਾਜ਼ੀ ਕਰਨ ਦਾ ਮਜ਼ਾ ਲਿਆ।

Add a Comment

Your email address will not be published. Required fields are marked *