40 ਸਾਲਾ ਵਿਅਕਤੀ ਦੀ ਕਰਤੂਤ, 4 ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਰਾਸ਼ਟਰੀ ਰਾਜਧਾਨੀ ਦੇ ਭਲਸਵਾ ਡੇਅਰੀ ਇਲਾਕੇ ‘ਚ ਇਕ 40 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰਨ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਬੱਚੀ ਬੀਤੀ ਬੁੱਧਵਾਰ ਸ਼ਾਮ ਆਪਣੇ ਘਰ ਦੇ ਬਾਹਰ ਖੇਡਦੀ ਹੋਈ ਲਾਪਤਾ ਹੋ ਗਈ ਸੀ।

ਉਸ ਦੇ ਮਾਪਿਆਂ ਨੇ ਭਲਸਵਾ ਡੇਅਰੀ ਥਾਣੇ ਵਿਚ ਇਸ ਦੀ ਸ਼ਿਕਾਇਤ ਕੀਤੀ ਅਤੇ ਫਿਰ ਭਾਰਤੀ ਦੰਡਾਵਲੀ ਦੀ ਧਾਰਾ 363 (ਅਗਵਾ ਕਰਨ ਦੀ ਸਜ਼ਾ) ਤਹਿਤ ਕੇਸ ਦਰਜ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਦਿਨ ਸਵੇਰੇ ਕਰੀਬ 7 ਵਜੇ ਕੁੜੀ ਇਕ ਪਾਰਕ ਦੇ ਕੋਲ ਮਿਲੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਨਾਲ ਜਿਨਸੀ ਸ਼ੋਸ਼ਣ ਹੋਇਆ ਹੈ। ਇਸ ਤੋਂ ਬਾਅਦ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਉਪਬੰਧਾਂ ਸਮੇਤ ਹੋਰ ਸਬੰਧਤ ਧਾਰਾਵਾਂ ਨੂੰ ਐੱਫ.ਆਈ.ਆਰ. ਵਿਚ ਸ਼ਾਮਲ ਕੀਤਾ ਗਿਆ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੋਸ਼ੀ ਲੜਕੀ ਨੂੰ ਕਿਤੇ ਲਿਜਾਂਦਾ ਦੇਖਿਆ ਜਾ ਸਕਦਾ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਆਊਟਰ ਨਾਰਥ ਜ਼ੋਨ) ਦੇਵੇਸ਼ ਕੁਮਾਰ ਮਾਹਲਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਨਿਲ ਪਾਠਕ ਨਾਮਕ ਵਿਅਕਤੀ ਨੂੰ ਭਲਸਵਾ ਡੇਅਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਾਠਕ ਨੂੰ ਇਲਾਕੇ ਵਿਚ ਦੇਖਿਆ ਗਿਆ ਹੈ ਅਤੇ ਪੁਲਸ ਟੀਮ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।

ਇੱਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਉਹ ਦਿੱਲੀ ਤੋਂ ਬਾਹਰ ਸੀ, ਅਤੇ ਉਸ ਦੇ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਪਾਠਕ ਇਕ ਦਿਹਾੜੀ ਮਜ਼ਦੂਰ ਹੈ ਜੋ ਆਪਣੀ ਪਤਨੀ ਅਤੇ ਬੱਚਿਆਂ ਨਾਲ ਭਲਸਵੀ ਡੇਅਰੀ ਖੇਤਰ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ 10 ਟੀਮਾਂ ਬਣਾਈਆਂ ਗਈਆਂ ਹਨ। ਦਿੱਲੀ ਮਹਿਲਾ ਕਮਿਸ਼ਨ (DCW) ਨੇ ਸਿਟੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਘਟਨਾ ‘ਤੇ ਕਾਰਵਾਈ ਦੀ ਰਿਪੋਰਟ ਮੰਗੀ ਹੈ।

Add a Comment

Your email address will not be published. Required fields are marked *