ਕੈਨੇਡਾ ‘ਚ ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼
ਚੰਡੀਗੜ੍ਹ : ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ. ਜਿੱਥੇ ਕਿ ਮੋਹਾਲੀ ਦੇ ਇੰਜੀਨੀਅਰ ਨੌਜਵਾਨ ਅਮਰਿੰਦਰ ਸਿੰਘ (38) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦਾ ਨਿਵਾਸੀ ਅਮਰਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਤੇ ਬੱਚੇ ਸਮੇਤ ਇੱਥੋਂ ਪੀ. ਆਰ. ਲੈ ਕੇ ਕੈਨੇਡਾ ਗਿਆ ਹੋਇਆ ਸੀ। ਉੱਥੇ ਉਹ ਸਰੀ ਵਿਖੇ ਇੱਕ ਕੰਪਨੀ ‘ਚ ਨੌਕਰੀ ਕਰਦਾ ਸੀ। ਕਰੀਬ 2 ਦਿਨ ਪਹਿਲਾਂ ਅਮਰਿੰਦਰ ਸਿੰਘ ਕੰਪਨੀ ‘ਚ ਨੌਕਰੀ ਕਰਦੇ ਦੌਰਾਨ ਹੀ ਡਿੱਗ ਪਿਆ।
ਉਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਬਰੇਨ ਹੈਮਰੇਜ ਦਾ ਅਟੈਕ ਆਇਆ ਹੈ। ਡਾਕਟਰਾਂ ਵਲੋਂ ਉਸ ਦੇ ਸਿਰ ਦਾ ਆਪਰੇਸ਼ਨ ਵੀ ਕੀਤਾ ਗਿਆ ਪਰ ਉਸਦੀ ਜ਼ਿੰਦਗੀ ਬਚਾਈ ਨਹੀਂ ਜਾ ਸਕੀ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਇੰਜੀਨੀਅਰ ਅਮਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਗਿਆ। ਨੌਜਵਾਨ ਦੀ ਅਚਨਚੇਤ ਮੌਤ ਨਾਲ ਜਿੱਥੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ, ਉੱਥੇ ਹੀ ਸਰੀ ਵਿਖੇ ਪੰਜਾਬੀ ਭਾਈਚਾਰੇ ‘ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

