ਅਮਰੀਕਾ ਵੱਲੋਂ ਅਸਾਂਜੇ ਦੀ ਹਵਾਲਗੀ ਦੀ ਜਾਰੀ ਕੋਸ਼ਿਸ਼ ‘ਤੇ ਆਸਟ੍ਰੇਲੀਆਈ PM ਦਾ ਬਿਆਨ ਆਇਆ ਸਾਹਮਣੇ

ਕੈਨਬਰਾ – ਵਿਕੀਲੀਕਸ ਦੇ ਸੰਸਥਾਪਕ ਅਤੇ ਆਸਟ੍ਰੇਲੀਆਈ ਨਾਗਰਿਕ ਜੂਲੀਅਨ ਅਸਾਂਜੇ ਨੂੰ ਵਾਸ਼ਿੰਗਟਨ ਹਵਾਲੇ ਕਰਨ ਦੀਆਂ ਲਗਾਤਾਰ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਨਿਰਾਸ਼ਾ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ “ਅਸਾਂਜੇ ਨੂੰ ਕੈਦ ਵਿੱਚ ਰੱਖਣ ਨਾਲ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਹੈ,”। ਅਲਬਾਨੀਜ਼ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਨਾਲ ਇੱਕ ਇੰਟਰਵਿਊ ਵਿੱਚ ਇਹ ਟਿੱਪਣੀ ਕੀਤੀ। 

ਉਨ੍ਹਾਂ ਦੀ ਇਸ ਟਿੱਪਣੀ ਨੂੰ 51 ਸਾਲਾ ਅਸਾਂਜੇ ‘ਤੇ ਲੱਗੇ ਦੋਸ਼ਾਂ ਨੂੰ ਵਾਪਸ ਲੈਣ ਲਈ ਅਮਰੀਕਾ ‘ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਦੀ ਹਵਾਲਗੀ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਅਸਾਂਜੇ ਪਿਛਲੇ ਚਾਰ ਸਾਲਾਂ ਤੋਂ ਬ੍ਰਿਟੇਨ ਦੀ ਬੇਲਮਾਰਸ਼ ਜੇਲ੍ਹ ‘ਚ ਬੰਦ ਹਨ। ਇਸ ਤੋਂ ਪਹਿਲਾਂ ਉਸ ਨੇ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ ਵਿਚ ਸੱਤ ਸਾਲ ਤੱਕ ਸ਼ਰਨ ਲਈ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ “ਮੈਂ ਬਸ ਇਹੀ ਕਹਾਂਗਾ ਕਿ ਬਹੁਤ ਹੋ ਗਿਆ ਹੈ। ਉਸ ਨੂੰ ਬੰਦੀ ਬਣਾ ਕੇ ਕੁਝ ਹਾਸਲ ਨਹੀਂ ਹੋਣ ਵਾਲਾ ਹੈ। ਅਲਬਾਨੀਜ਼ ਨੇ ਕਿਹਾ ਕਿ “ਮੈਂ ਜਾਣਦਾ ਹਾਂ ਕਿ ਇਹ ਬਹੁਤ ਨਿਰਾਸ਼ਾਜਨਕ ਹੈ। ਮੈਂ ਨਿਰਾਸ਼ਾ ਨੂੰ ਵੀ ਮਹਿਸੂਸ ਕਰ ਸਕਦਾ ਹਾਂ। ਮੈਂ ਆਪਣੀ ਸਥਿਤੀ ਦੀ ਵਿਆਖਿਆ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ। ਅਮਰੀਕੀ ਪ੍ਰਸ਼ਾਸਨ ਬੇਸ਼ੱਕ ਆਸਟ੍ਰੇਲੀਆਈ ਸਰਕਾਰ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਅਮਰੀਕਾ ਵਿੱਚ ਅਸਾਂਜੇ ਨੂੰ ਜਾਸੂਸੀ ਦੇ 17 ਦੋਸ਼ਾਂ ਅਤੇ ਕੰਪਿਊਟਰ ਦੀ ਦੁਰਵਰਤੋਂ ਦੇ ਇੱਕ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ‘ਤੇ ਇਹ ਦੋਸ਼ 2010 ਵਿੱਚ ਵਿਕੀਲੀਕਸ ਦੁਆਰਾ ਵਰਗੀਕ੍ਰਿਤ ਅਮਰੀਕੀ ਫੌਜੀ ਦਸਤਾਵੇਜ਼ਾਂ ਦੇ ਵੱਡੇ ਪ੍ਰਕਾਸ਼ਨ ਦੇ ਤਹਿਤ ਲਗਾਏ ਗਏ ਹਨ। ਅਲਬਾਨੀਜ਼ ਨੇ ਕਿਹਾ ਕਿ “ਮੈਂ ਅਸਾਂਜੇ ਦੀ ਮਾਨਸਿਕ ਸਥਿਤੀ ਬਾਰੇ ਚਿੰਤਤ ਹਾਂ। ਯੂਕੇ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਅਸਾਂਜੇ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਦੀ ਬੇਨਤੀ ਨੂੰ ਇਸ ਆਧਾਰ ‘ਤੇ ਠੁਕਰਾ ਦਿੱਤਾ ਹੈ ਕਿ ਜੇ ਉਹ ਅਮਰੀਕੀ ਜੇਲ੍ਹ ਦੇ ਸਖ਼ਤ ਹਾਲਾਤ ਵਿੱਚ ਰੱਖਿਆ ਗਿਆ ਤਾਂ ਉਹ ਖੁਦਕੁਸ਼ੀ ਕਰ ਸਕਦਾ ਹੈ। ਹਾਲਾਂਕਿ ਬਾਅਦ ‘ਚ ਇਸ ਫ਼ੈਸਲੇ ਨੂੰ ਪਲਟ ਦਿੱਤਾ ਗਿਆ ਪਰ ਇਸ ਦੇ ਮੱਦੇਨਜ਼ਰ ਮੈਂ ਅਸਾਂਜੇ ਨੂੰ ਲੈ ਕੇ ਚਿੰਤਤ ਹਾਂ।

Add a Comment

Your email address will not be published. Required fields are marked *