‘ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ’, ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਕੀਤਾ ਵੱਡਾ ਦਾਅਵਾ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਸੋਮਵਾਰ ਨੂੰ ਨਾਟਕੀ ਮੋੜ ਆ ਗਿਆ। ਸੁਸ਼ਾਂਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ। ਸੁਸ਼ਾਂਤ ਦਾ ਪੋਸਟਮਾਰਟਮ ਕਰਨ ਵਾਲੇ ਰੂਪਕੁਮਾਰ ਸ਼ਾਹ ਨੇ ਵੀ ਇਹੀ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਅਭਿਨੇਤਾ ਦੇ ਸਰੀਰ ਅਤੇ ਗਰਦਨ ’ਤੇ ਕਈ ਨਿਸ਼ਾਨ ਸਨ। ਸ਼ਾਹ ਨੇ ਦਾਅਵਾ ਕੀਤਾ ਕਿ ਜਦੋਂ ਮੈਂ ਸੁਸ਼ਾਂਤ ਦੀ ਲਾਸ਼ ਦੇਖੀ ਤਾਂ ਮੈਂ ਤੁਰੰਤ ਆਪਣੇ ਸੀਨੀਅਰਜ਼ ਨੂੰ ਦੱਸਿਆ ਕਿ ਇਹ ਖੁਦਕੁਸ਼ੀ ਨਹੀਂ ਹੈ, ਸਗੋਂ ਕਤਲ ਹੈ। ਹਾਲਾਂਕਿ, ਮੇਰੇ ਸੀਨੀਅਰਜ਼ ਨੇ ਤੁਰੰਤ ਫੋਟੋਆਂ ਖਿੱਚਣ ਅਤੇ ਲਾਸ਼ ਦੇਣ ਲਈ ਕਿਹਾ। ਇਹੀ ਕਾਰਨ ਹੈ ਕਿ ਰਾਤ ਨੂੰ ਹੀ ਪੋਸਟਮਾਰਟਮ ਕੀਤਾ ਗਿਆ।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਉਪਨਗਰੀ ਬਾਂਦ੍ਰਾ ’ਚ ਆਪਣੇ ਅਪਾਰਟਮੈਂਟ ’ਚ ਮ੍ਰਿਤਕ ਪਾਏ ਗਏ ਸਨ। ਰੀਆ ਚੱਕਰਵਰਤੀ ’ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਉਨ੍ਹਾਂ ਦੀ ਜਾਇਦਾਦ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਸੀ। ‘ਮੇਰੇ ਡੈਡ ਕੀ ਮਾਰੂਤੀ’ ਅਤੇ ‘ਜਲੇਬੀ’ ਵਰਗੀਆਂ ਫਿਲਮਾਂ ’ਚ ਕੰਮ ਕਰ ਚੁੱਕੀ 29 ਸਾਲਾ ਰੀਆ ਨੂੰ ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗ ਤਸਕਰੀ ਦੇ ਇਕ ਮਾਮਲੇ ’ਚ 28 ਦਿਨਾਂ ਦੀ ਜੇਲ੍ਹ ਹੋਈ ਸੀ।

ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦਿੱਤੇ ਇੰਟਰਵਿਊ ’ਚ ਸ਼ਾਹ ਨੇ ਕਿਹਾ, ‘ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ, ਤਾਂ ਉਸ ਦੌਰਾਨ ਸਾਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ’ਚ ਪੰਜ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਪੰਜ ਲਾਸ਼ਾਂ ’ਚੋਂ ਇਕ ਵੀ.ਆਈ.ਪੀ. ਲਾਸ਼ ਸੀ। ਜਦੋਂ ਅਸੀਂ ਪੋਸਟਮਾਰਟਮ ਕਰਨ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਹ ਵੀ.ਆਈ.ਪੀ. ਲਾਸ਼ ਸੁਸ਼ਾਂਤ ਦੀ ਸੀ ਅਤੇ ਉਨ੍ਹਾਂ ਦੇ ਸਰੀਰ ’ਤੇ ਕਈ ਨਿਸ਼ਾਨ ਸਨ। ਉਨ੍ਹਾਂ ਦੇ ਗਲੇ ’ਤੇ ਵੀ ਦੋ ਤੋਂ ਤਿੰਨ ਨਿਸ਼ਾਨ ਸਨ। ਪੋਸਟਮਾਰਟਮ ਨੂੰ ਰਿਕਾਰਡ ਕਰਨ ਦੀ ਲੋੜ ਸੀ ਪਰ ਉੱਚ ਅਧਿਕਾਰੀਆਂ ਨੂੰ ਸਿਰਫ ਲਾਸ਼ ਦੀਆਂ ਫੋਟੋਆਂ ਲੈਣ ਲਈ ਕਿਹਾ ਗਿਆ ਸੀ। ਇਸ ਲਈ ਅਸੀਂ ਉਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ।

ਇੰਨਾ ਹੀ ਨਹੀਂ, ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਇਹ ਵੀ ਦੋਸ਼ ਲਾਇਆ ਕਿ ਅਧਿਕਾਰੀਆਂ ਨੂੰ ਇਹ ਸੂਚਿਤ ਕਰਨ ਦੇ ਬਾਵਜੂਦ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਹੋਇਆ ਸੀ, ਉਨ੍ਹਾਂ ‘ਨਿਯਮਾਂ ਦੇ ਅਨੁਸਾਰ’ ਕੰਮ ਕਰਨ ਲਈ ਕਿਹਾ ਗਿਆ। ਸ਼ਾਹ ਨੇ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਸੁਸ਼ਾਂਤ ਦੀ ਲਾਸ਼ ਦੇਖੀ ਤਾਂ ਮੈਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਇਹ ਖੁਦਕੁਸ਼ੀ ਨਹੀਂ, ਸਗੋਂ ਕਤਲ ਹੈ। ਮੈਨੂੰ ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਫੋਟੋਆਂ ਖਿੱਚੋ ਅਤੇ ਲਾਸ਼ ਨੂੰ ਪੁਲਸ ਨੂੰ ਦੇ ਦਿਓ। ਇਸ ਲਈ ਅਸੀਂ ਪੋਸਟਮਾਰਟਮ ਸਮੇਂ ਹੀ ਕੀਤਾ।

Add a Comment

Your email address will not be published. Required fields are marked *