ਟ੍ਰੈਫਿਕ ‘ਚੋਂ ਤੇਜ਼ੀ ਨਾਲ ਨਿਕਲਣ ਦੀ ਕੋਸ਼ਿਸ਼ ‘ਚ ਟਰੱਕ ਨੇ ਕੱਪੜੇ ਦੀ ਫੇਰੀ ਲਾਉਣ ਵਾਲੇ ਨੂੰ ਦਰੜਿਆ

ਭੋਗਪੁਰ – ਖੂਨੀ ਸੜਕ ਵਜੋਂ ਮਸ਼ਹੂਰ ਹੋ ਚੁੱਕੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਅੱਜ ਭੋਗਪੁਰ ਵਿਖੇ ਟ੍ਰੈਫਿਕ ਜਾਮ ਨੇ ਇਕ ਹੋਰ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਦੁਪਹਿਰ ਲਗਭਗ ਡੇਢ ਵਜੇ ਨੈਸ਼ਨਲ ਹਾਈਵੇ ’ਤੇ ਲੱਗੇ ਲੰਬੇ ਟ੍ਰੈਫਿਕ ਜਾਮ ਦੌਰਾਨ ਟਰੱਕ ਚਾਲਕ ਵੱਲੋਂ ਟ੍ਰੈਫਿਕ ’ਚੋਂ ਤੇਜੀ ਨਾਲ ਨਿਕਲਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਇਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ ਹੈ।

ਟੱਕਰ ਮਾਰਨ ਵਾਲੇ ਟਰੱਕ ਨੂੰ ਲੋਕਾਂ ਨੇ ਕੀਤਾ ਕਾਬੂ 

ਪੈਦਲ ਚੱਲ ਰਹੇ ਵਿਅਕਤੀ ਨੂੰ ਸ਼ਰੇਆਮ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਫਰਾਰ ਹੋਣ ਵਾਲੇ ਟਰੱਕ ਨੰ. ਯੂ. ਕੇ. 06 ਸੀ. ਬੀ. 4564 ਨੂੰ ਕੁਝ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲਾਂ ’ਤੇ ਪਿੱਛਾ ਕਰ ਕੇ ਲੱਗਭਗ 7 ਕਿਲੋਮੀਟਰ ਦੂਰ ਬਿਆਸ ਪਿੰਡ ਜਾ ਕੇ ਕਾਬੂ ਕਰ ਲਿਆ ਗਿਆ ਤੇ ਉਨ੍ਹਾਂ ਇਸ ਸਬੰਧੀ ਭੋਗਪੁਰ ਪੁਲਸ ਨੂੰ ਜਾਣਕਾਰੀ ਦਿੱਤੀ। ਭੋਗਪੁਰ ਪੁਲਸ ਨੇ ਉਕਤ ਟਰੱਕ ਨੂੰ ਕਾਬੂ ’ਚ ਲੈ ਲਿਆ ਪਰ ਟਰੱਕ ਡਰਾਈਵਰ ਫਰਾਰ ਹੋਣ ’ਚ ਸਫ਼ਲ ਹੋ ਗਿਆ, ਜਦਕਿ ਟਰੱਕ ’ਚ ਸਵਾਰ 2 ਵਿਅਕਤੀ, ਜਿਨ੍ਹਾਂ ਨੇ ਲੁਧਿਆਣੇ ਤੱਕ ਜਾਣ ਲਈ ਇਸ ਟਰੱਕ ਡਰਾਈਵਰ ਤੋਂ ਲਿਫਟ ਲਈ ਸੀ ਨੂੰ, ਭੋਗਪੁਰ ਪੁਲਸ ਵੱਲੋਂ ਜਾਂਚ ਲਈ ਪੁਲਸ ਥਾਣੇ ਲਿਆਂਦਾ ਗਿਆ ਹੈ। ਭੋਗਪੁਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਵਿਅਕਤੀ ਦੀ ਪਛਾਣ ਰਾਜ ਕੁਮਾਰ ਘਈ ਵਾਸੀ ਕਲੋਵਾਲੀ ਮੁਹੱਲਾ ਈ. ਐੱਨ. 169 ਜਲੰਧਰ ਸ਼ਹਿਰ ਵਜੋਂ ਹੋਈ ਹੈ। ਘਟਨਾ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ, ਜਿੱਥੇ ਉਸ ਦੇ ਪਰਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਸ਼ਨਾਖਤ ਕੀਤੀ ਹੈ।

Add a Comment

Your email address will not be published. Required fields are marked *