ਮੂਸੇਵਾਲਾ ਕਤਲ ਕਾਂਡ ‘ਚ ਨਵਾਂ ਖ਼ੁਲਾਸਾ, ਗੁਆਂਢੀ ਜਗਤਾਰ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ

ਮਾਨਸਾ : ਬੀਤੇ ਦਿਨੀਂ ਮਾਨਸਾ ਪੁਲਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਤੋਂ ਬਾਅਦ ਅਦਾਲਤ ‘ਚ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਜਿਸ ‘ਚ ਕਤਲ ਦੀ ਸਾਜ਼ਿਸ਼ ਕਰਨ ਵਾਲੇ ਮਨਦੀਪ ਤੂਫ਼ਾਨ, ਮਨੀ ਰਈਆ, ਸ਼ੂਟਰ ਦੀਪਕ ਮੁੰਡੀ ਤੇ ਰੇਕੀ ਕਰਨ ਵਾਲੇ ਜਗਤਾਰ ਸਿੰਘ ਤੋਂ ਕੀਤੀ ਜਾਂਚ ‘ਚ ਅਹਿਮ ਖ਼ੁਲਾਸੇ ਹੋਏ ਹਨ। ਜਾਂਚ ‘ਚ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਦੀ ਰੇਕੀ ਕਰਨ ਵਾਲੇ ਉਸਦੇ ਗੁਆਂਢੀ ਜਗਤਾਰ ਸਿੰਘ 2 ਸਾਲ ਪਹਿਲਾਂ ਮੂਸੇਵਾਲਾ ਦਾ ਗੀਤ ਲੀਕ ਕਰ ਚੁੱਕਿਆ ਹੈ। ਇਸ ਸਬੰਧ ‘ਚ ਥਾਣਾ ਅਨੰਦਪੁਰ ਸਾਹਿਬ ‘ਚ 24 ਫਰਵਰੀ 2020 ਨੂੰ ਜਗਤਾਰ ‘ਤੇ ਆਈ. ਟੀ. ਐਕਟ ਤਹਿਤ ਮਾਮਲੇ ਦਰਜ ਕੀਤਾ ਗਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਿਆ ਸੀ। ਜਾਂਚ ‘ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਉਸ ਨੇ ਆਪਣੀ ਘਰ ‘ਚ ਲੱਗੇ ਸੀ. ਸੀ. ਟੀ. ਪੀ. ਕੈਮਰਿਆਂ ਦੀ ਡਾਇਰੈਕਸ਼ਨ ਨੂੰ ਮੂਸੇਵਾਲਾ ਦੇ ਘਰ ਵੱਲ ਮੋੜ ਦਿੱਤਾ ਸੀ। ਜਿਸ ਤੋਂ ਬਾਅਦ ਉਹ ਮੂਸੇਵਾਲਾ ਦੀ ਹਰ ਹਰਕਤ ਦੀ ਜਾਣਕਾਰੀ ਗੋਲਡੀ ਬਰਾੜ ਨੂੰ ਦਿੰਦਾ ਰਿਹਾ। ਦੱਸ ਦੇਈਏ ਕਿ ਪੁਲਸ ਨੇ ਇਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮੂਸੇਵਾਲਾ ਕਤਲ ਕਾਂਡ ‘ਚ ਇਹ ਸਭ ਤੋਂ ਅਹਿਮ ਕੜੀ ਸੀ।

ਪੁੱਛਗਿੱਛ ਦੌਰਾਨ ਹੋਰ ਵੀ ਵੱਡਾ ਖ਼ੁਲਾਸਾ ਹੋਇਆ ਹੈ ਕਿ ਜੱਗੂ ਭਗਵਾਨਪੁਰੀਆ ਦੇ ਗੈਂਗਸਟਰ ਮਨੀ ਰਾਈਆ ਅਤੇ ਮਨਦੀਪ ਤੂਫ਼ਾਨ ਨੇ ਗੋਲਡੀ ਬਰਾੜ , ਲਾਰੈਂਸ ਬਿਸ਼ਨੋਈ ਅਤੇ ਜੱਗੂ ਦੇ ਕਹਿਣ ‘ਤੇ ਕਤਲ ਦੀ ਸਾਜਿਸ਼ ‘ਚ ਅਹਿਮ ਭੂਮਿਕਾ ਨਿਭਾਉਣੀ ਸੀ। ਇਨ੍ਹਾਂ ਦੋਵਾਂ ਨੇ ਪੁਲਸ ਮੁਲਾਜ਼ਮ ਬਣ ਕੇ ਪਹਿਲਾਂ ਮੂਸੇਵਾਲਾ ਦੇ ਘਰ ‘ਚ ਦਾਖ਼ਲ ਹੋਣਾ ਸੀ ਤੇ ਫਿਰ ਉਸ ਦਾ ਕਤਲ ਕਰਨੀ ਸੀ। ਇਸ ਲਈ ਉਨ੍ਹਾਂ ਨੇ ਪੁਲਸ ਦੀਆਂ ਵਰਦੀਆਂ ਦਾ ਵੀ ਇੰਤਜ਼ਾਮ ਕਰ ਲਿਆ ਸੀ। ਦਿੱਲੀ ਸਪੈਸ਼ਲ ਸੈਲ ਨੇ 4 ਜੁਲਾਈ 2022 ਨੂੰ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਦੀ ਗ੍ਰਿਫ਼ਤਾਰੀ ਕਰਕੇ ਉਨ੍ਹਾਂ ਦੀ ਕਾਰ ਵਿੱਚੋਂ ਪੁਲਸ ਵਰਦੀਆਂ ਬਰਾਮਦ ਕੀਤੀਆਂ ਸਨ, ਜੋ ਮਨਦੀਪ ਤੂਫ਼ਾਨ ਤੇ ਮਨੀ ਰਾਈਆ ਨੇ ਆਰੇਂਜ ਕੀਤੀਆਂ ਸਨ। ਇਸ ਕਤਲ ਨੂੰ ਅੰਜਾਮ ਦੇਣ ਲਈ ਦੋਸ਼ੀ ਆਲਟੋ ਕਾਰ ‘ਚ ਘੁੰਮਦੇ ਰਹੇ ਪਰ ਐਨ ਮੌਕੇ ‘ਤੇ ਪਲੈਨ ਬਦਲੀ ਹੋਣ ‘ਤੇ ਮੂਸੇਵਾਲਾ ‘ਤੇ ਜਵਾਹਰਕਾ ਪਿੰਡ ‘ਚ ਹਮਲਾ ਕਰ ਦਿੱਤਾ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ ‘ਚ 24 ਲੋਕਾਂ ਨਾਮਜ਼ਦ ਹਨ। ਹਰਿਆਣਾ ਦਾ ਰਹਿਣ ਵਾਲਾ ਦੀਪਕ ਮੁੰਡੀ ਇਸ ਕਤਲ ਕਾਂਡ ਦੇ ਮੁੱਖ ਸ਼ੂਟਰਾਂ ‘ਚ ਸ਼ਾਮਲ ਸੀ, ਜਿਸ ਕੋਲੇਂ ਪੁਆਇੰਟ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਸੀ। ਇਸ ਦੇ ਇੱਥੇ ਰਹਿਣ ਲਈ ਪੈਸਿਆਂ ਦਾ ਪ੍ਰਬੰਧ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਕੀਤਾ ਸੀ। ਹਿਸਾਰ ਦੇ ਰਹਿਣ ਵਾਲੇ ਰਜਿੰਦਰ ਜੋਕਰ, ਜੋ ਕਿ 2015 ਤੋਂ ਲਾਰੈਂਸ ਗੈਂਗ ਦੇ ਨਾਲ ਹੈ, ਨੇ ਸ਼ੂਟਰਾਂ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਸੀ ਅਤੇ ਇਸ ਕੋਲੋਂ ਵੀ ਪੁਆਇੰਟ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਸੀ। ਇਸ ਤੋਂ ਇਲਾਵਾ ਰਾਜਸਥਾਨ ਦੇ ਰਹਿਣ ਵਾਲੇ ਕਪਿਲ ਪੰਡਿਤ ਨੇ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ ਦੇ ਕਹਿਣ ‘ਤੇ ਨਿਸ਼ਾਨੇਬਾਜ਼ਾਂ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਸੀ ਅਤੇ ਉਸ ਕੋਲੋਂ 9 ਐਮਐਮ ਦੀ ਪਿਸਤੌਲ ਬਰਾਮਦ ਕੀਤੀ ਗਈ ਸੀ। ਦੱਸ ਦੇਈਏ ਕਿ ਕਪਿਲ 2019 ਤੋਂ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। 

Add a Comment

Your email address will not be published. Required fields are marked *