ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਭਾਰਤੀ ਮੂਲ ਦੇ ਡਾਕਟਰ ਦੀ ਖੁਦਕੁਸ਼ੀ ਮਾਮਲੇ ਦੀ ਸੁਤੰਤਰ ਜਾਂਚ ਦੀ ਕੀਤੀ ਮੰਗ

ਲੰਡਨ – ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਨੇ ਭਾਰਤੀ ਮੂਲ ਦੇ ਜੂਨੀਅਰ ਡਾਕਟਰ ਦੀ ਖੁਦਕੁਸ਼ੀ ਅਤੇ ਸਟਾਫ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਬਰਮਿੰਘਮ ਵਿੱਚ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਹਸਪਤਾਲ ਟਰੱਸਟ ਦੀ ਸੁਤੰਤਰ ਜਾਂਚ ਕਰਾਉਣ ਦੀ ਮੰਗ ਕਰਦਿਆਂ ਬ੍ਰਿਟਿਸ਼ ਸਰਕਾਰ ਨੂੰ ਪੱਤਰ ਲਿਖਿਆ ਹੈ। ਇਸ ਹਸਪਤਾਲ ਨੂੰ ਸਰਕਾਰ ਤੋਂ ਫੰਡ ਮਿਲਦਾ ਹੈ। ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਬੁੱਧਵਾਰ ਨੂੰ ਯੂਕੇ ਦੇ ਸਿਹਤ ਸਕੱਤਰ ਸਟੀਵ ਬਾਰਕਲੇ ਨੂੰ ਟਵਿੱਟਰ ‘ਤੇ ਇੱਕ ਪੱਤਰ ਪੋਸਟ ਕੀਤਾ, ਜਿਸ ਵਿੱਚ ਯੂਨੀਵਰਸਿਟੀ ਹਸਪਤਾਲ ਬਰਮਿੰਘਮ ਐਨਐਚਐਸ ਫਾਊਂਡੇਸ਼ਨ ਟਰੱਸਟ (ਯੂਐਚਬੀ) ਦੇ ਕੰਮ ਕਰਨ ਦੇ ਤਰੀਕਿਆਂ ਦੀ ਜਾਂਚ ਦੀ ਮੰਗ ਕੀਤੀ ਗਈ। 

ਇਹ ਹਸਪਤਾਲ ਬਰਮਿੰਘਮ ਐਜਬੈਸਟਨ ਵਿੱਚ ਸਥਿਤ ਹੈ। ਉਸਨੇ ਬਰਮਿੰਘਮ ਦੇ ਕੁਈਨ ਐਲਿਜ਼ਾਬੈਥ ਹਸਪਤਾਲ ਵਿੱਚ ਕੰਮ ਕਰਨ ਵਾਲੀ 35 ਸਾਲਾ ਡਾਕਟਰ ਵੈਸ਼ਨਵੀ ਕੁਮਾਰ ਦੀ ਖੁਦਕੁਸ਼ੀ ਦਾ ਹਵਾਲਾ ਦਿੱਤਾ। ਉਸ ਨੇ ਕਿਹਾ ਕਿ ਪਿਛਲੇ ਮਹੀਨੇ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਕੰਮ ‘ਤੇ ‘ਬੇਇੱਜ਼ਤ’ ਕੀਤਾ ਜਾਂਦਾ ਸੀ ਅਤੇ ਜਦੋਂ ਉਹ ਘਰ ਆਉਂਦੀ ਸੀ ਤਾਂ ਉਹ ਰੋਂਦੀ ਸੀ।ਇੱਕ ਸੀਨੀਅਰ ਵਿਰੋਧੀ ਲੇਬਰ ਸੰਸਦ ਮੈਂਬਰ ਗਿੱਲ ਨੇ ਕਿਹਾ ਕਿ ਕੁਮਾਰ ਦੇ ਸੰਪਰਕ ਵਿੱਚ ਰਹੇ ਕਈ ਸਟਾਫ ਨੇ ਦੱਸਿਆ ਕਿ ਐਨਐਚਐਸ ਹਸਪਤਾਲ ਵਿੱਚ “ਮੂੰਹ ਬੰਦ ਰੱਖੋ’ ਜਾਂ ‘ਕੰਮ ਛੱਡ ਦਿਓ” ਦਾ ਕਲਚਰ ਹੈ। 

ਬੀਬੀਸੀ ਦੇ ‘ਨਿਊਜ਼ਨਾਈਟ’ ਪ੍ਰੋਗਰਾਮ ਦੁਆਰਾ ਇਸ ਮਹੀਨੇ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਕਿ ਹਸਪਤਾਲ ਦੇ ਡਾਕਟਰਾਂ ਨੂੰ ਸੁਰੱਖਿਆ ਚਿੰਤਾਵਾਂ ਨੂੰ ਜਤਾਉਣ ਲਈ “ਸਜ਼ਾ” ਦਿੱਤੀ ਗਈ ਸੀ। ਗਿੱਲ ਨੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਲੋਕ ਖੁਦ ਅੱਗੇ ਆ ਕੇ ਗਵਾਹੀ ਦੇਣ ਲਈ ਸੁਰੱਖਿਅਤ ਮਹਿਸੂਸ ਕਰਨ। UHB ਯੂਕੇ ਦੇ ਵੱਡੇ NHS ਟਰੱਸਟਾਂ ਵਿੱਚੋਂ ਇੱਕ ਹੈ, ਜੋ ਖੇਤਰ ਵਿੱਚ ਕਈ ਹਸਪਤਾਲਾਂ ਦਾ ਪ੍ਰਬੰਧਨ ਕਰਦਾ ਹੈ। UHB ਨੇ ਇੱਕ ਬਿਆਨ ਵਿੱਚ ਕਿਹਾ ਕਿ “ਅਸੀਂ ਸਾਨੂੰ ਦਿੱਤੇ ਜਾ ਰਹੇ ਸਮਰਥਨ ਦਾ ਸੁਆਗਤ ਕਰਦੇ ਹਾਂ ਅਤੇ ਅਸੀਂ NHS ਵਿੱਚ ਆਪਣੇ ਸਹਿਯੋਗੀਆਂ ਨਾਲ ਸਕਾਰਾਤਮਕ ਅਤੇ ਲਾਭਕਾਰੀ ਢੰਗ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ।”

Add a Comment

Your email address will not be published. Required fields are marked *