ਨਿਊਯਾਰਕ ‘ਚ ਸੜਕ ਹਾਦਸੇ ਕਾਰਨ ਇੱਕੋ ਪਰਿਵਾਰ ਦੀਆਂ 5 ਔਰਤਾਂ ਦੀ ਮੌਤ

ਨਿਊਯਾਰਕ – ਅਮਰੀਕਾ ਦੇ ਪੈਨਸਿਲਵੇਨੀਆ ਵਿਚ ਵਾਪਰੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੀਆਂ 5 ਔਰਤਾਂ ਦੀ ਮੌਤ ਹੋ ਗਈ। ਲਕਵਾਨਾ ਕਾਉਂਟੀ ਕੋਰੋਨਰ ਟਿਮੋਥੀ ਰੋਲੈਂਡ ਅਨੁਸਾਰ, ਪੀੜਤ ਔਰਤਾਂ ਇੰਟਰਸਟੇਟ 81 ‘ਤੇ ਉੱਤਰ ਵੱਲ ਜਾ ਰਹੀ ਇੱਕ ਮਿਨੀਵੈਨ ਵਿੱਚ ਸਵਾਰ ਸਨ, ਜਿਸ ਨੇ ਕੰਟਰੋਲ ਗੁਆ ਦਿੱਤਾ ਅਤੇ ਸਕਾਟ ਟਾਊਨਸ਼ਿਪ ਵਿੱਚ ਇੱਕ ਬੈਰੀਅਰ ਨਾਲ ਟਕਰਾ ਗਈ। ਹਾਦਸਾ ਸ਼ਾਮ 5:30 ਵਜੇ ਦੇ ਕਰੀਬ ਵਾਪਰਿਆ।

ਰੋਲੈਂਡ ਨੇ ਕਿਹਾ ਕਿ ਟੱਕਰ ਤੋਂ ਬਾਅਦ 4 ਔਰਤਾਂ ਮਿਨੀਵੈਨ ਤੋਂ ਬਾਹਰ ਨਿਕਲ ਆਈਆਂ। ਇਕ ਵੱਖਰੀ ਕਾਰ ਵਿੱਚ ਸਵਾਰ 2 ਰਿਸ਼ਤੇਦਾਰ ਵੀ ਉਨ੍ਹਾਂ ਦੀ ਮਦਦ ਕਰਨ ਲਈ ਬਾਹਰ ਆਏ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਟ੍ਰੈਕਟਰ ਟ੍ਰੇਲਰ ਨੇ ਉਥੇ ਖੜ੍ਹੇ ਸਾਰੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੂਜੀ ਕਾਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦੀ ਪੈਨਸਿਲਵੇਨੀਆ ਸਟੇਟ ਪੁਲਸ ਜਾਂਚ ਕਰ ਰਹੀ ਹੈ। ਮ੍ਰਿਤਕ ਔਰਤਾਂ ਸਾਊਦੀ ਅਰਬ ਦੇ ਮੱਕਾ ਦੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤਣ ‘ਤੇ ਲਕਵਾਨਾ ਕਾਉਂਟੀ ਤੋਂ 2 ਵਾਹਨਾਂ ‘ਚ ਸਫ਼ਰ ਕਰ ਰਹੀਆਂ ਸਨ।

ਇਹ ਔਰਤਾਂ ਇਸਲਾਮਿਕ ਆਰਗੇਨਾਈਜ਼ੇਸ਼ਨ ਆਫ ਸਦਰਨ ਟੀਅਰ ਨਾਲ ਸਬੰਧਤ ਸਨ, ਜੋ ਕਿ ਨਿਊਯਾਰਕ ਵਿੱਚ ਸਥਿੱਤ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਬਿੰਘਮਟਨ ਨਿਊਯਾਰਕ ਖੇਤਰ ਵਿੱਚ ਇਸਲਾਮੀ ਭਾਈਚਾਰੇ ਦੀ ਸੇਵਾ ਕਰ ਰਹੀ ਹੈ। ਮ੍ਰਿਤਕ ਔਰਤਾਂ ਦੀ ਪਛਾਣ 19 ਸਾਲਾ ਅਲੀਨ ਅਮੀਨ, 43 ਸਾਲਾ ਬੇਰੀਵਨ ਜ਼ੇਬਰੀ, 71 ਸਾਲਾ ਫਾਤਿਮਾ ਅਹਿਮਦ, 42 ਸਾਲਾ ਹੈਵਰਿਸਟ ਜ਼ੇਬਰੀ, 56 ਸਾਲਾ ਸ਼ਾਹਜ਼ੀਨਾਜ਼ ਮਿਜ਼ੌਰੀ ਵਜੋਂ ਹੋਈ ਹੈ। ਇਹ ਸਾਰੇ ਨਿਊਯਾਰਕ ਦੀਆਂ ਰਹਿਣ ਵਾਲੀਆਂ ਸਨ।

Add a Comment

Your email address will not be published. Required fields are marked *