‘ਭਾਰਤ ਜੋੜੋ ਯਾਤਰਾ’ ਅੱਜ ਹਰਿਆਣਾ ’ਚ ਹੋਵੇਗੀ ਦਾਖਲ

ਜੈਪੁਰ, 20 ਦਸੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਯਾਤਰਾ’ ਦਾ ਰਾਜਸਥਾਨ ਦਾ ਪੜਾਅ ਮੁਕੰਮਲ ਹੋ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੱਜ ਯਾਤਰਾ ’ਚ ਰਾਹੁਲ ਗਾਂਧੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਪੈਦਲ ਚੱਲੇ। ਕਾਂਗਰਸ ਸ਼ਾਸਿਤ ਰਾਜਸਥਾਨ ਵਿਚ ਪਾਰਟੀ ਨੇ 15 ਦਿਨਾਂ ’ਚ ਕਰੀਬ 485 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਹੈ। ਰਾਜਸਥਾਨ ਵਿਚ ਯਾਤਰਾ ਝਾਲਾਵਾੜ ਤੋਂ 5 ਦਸੰਬਰ ਨੂੰ ਸ਼ੁਰੂ ਹੋਈ ਸੀ। ਇਹ ਸੂਬੇ ਦੇ ਕੋਟਾ, ਬੂੰਦੀ, ਸਵਾਈ ਮਾਧੋਪੁਰ, ਦੌਸਾ ਤੇ ਅਲਵਰ ਜ਼ਿਲ੍ਹਿਆਂ ਵਿਚੋਂ ਗੁਜ਼ਰੀ। ਯਾਤਰਾ ਅੱਜ ਰਾਤ ਲਈ ਅਲਵਰ ਵਿਚ ਰੁਕੇਗੀ ਤੇ ਭਲਕੇ ਸਵੇਰੇ ਹਰਿਆਣਾ ਵਿਚ ਦਾਖਲ ਹੋਵੇਗੀ। ਹਰਿਆਣਾ ਵਿਚ ਇਹ ਦੋ ਗੇੜਾਂ ਵਿਚ ਹੋਵੇਗੀ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਗਾਂਧੀ ਭਲਕੇ ਹਰਿਆਣਾ ਦੇ ਸਾਬਕਾ ਸੈਨਿਕਾਂ ਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨਗੇ। ਹਰਿਆਣਾ ਯਾਤਰਾ ਦੇ ਪਹਿਲੇ ਗੇੜ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਦੇ ਹੋਰਾਂ ਆਗੂਆਂ ਤੇ ਸਮਰਥਕਾਂ ਦੇ ਨਾਲ 24 ਦਸੰਬਰ ਦੀ ਰਾਤ ਨੂੰ ਦਿੱਲੀ ਪਹੁੰਚਣਗੇ। ਇਸ ਤੋਂ ਬਾਅਦ ਯਾਤਰਾ ਨੌਂ ਦਿਨਾਂ ਲਈ ਰੁਕੇਗੀ। ਇਸ ਦੌਰਾਨ ‘ਭਾਰਤ ਯਾਤਰੀ’ ਆਪੋ-ਆਪਣੇ ਸੂਬਿਆਂ ਨੂੰ ਪਰਤਣਗੇ। ਯਾਤਰਾ ਲਈ ਵਰਤੇ ਜਾ ਰਹੇ ਕਰੀਬ 70 ਕੰਟੇਨਰਾਂ ਦੀ ਮੁਰੰਮਤ ਵੀ ਹੋਵੇਗੀ। ਠੰਢ ਦੇ ਮੱਦੇਨਜ਼ਰ ਇਨ੍ਹਾਂ ਵਿਚ ਜ਼ਰੂਰੀ ਬਦਲਾਅ ਕੀਤੇ ਜਾਣਗੇ। ਰਮੇਸ਼ ਨੇ ਕਿਹਾ ਕਿ ਰਾਜਸਥਾਨ ਵਿਚ ਯਾਤਰਾ ਕਾਫ਼ੀ ਸਫ਼ਲ ਰਹੀ ਹੈ। ਭਲਕੇ ਨੂਹ ਜ਼ਿਲ੍ਹੇ ਤੋਂ ਯਾਤਰਾ ਹਰਿਆਣਾ ਵਿਚ ਦਾਖਲ ਹੋਵੇਗੀ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੁਰਜੇਵਾਲਾ, ਕੁਮਾਰੀ ਸ਼ੈਲਜਾ, ਦੀਪੇਂਦਰ ਸਿੰਘ ਹੁੱਡਾ ਤੇ ਹੋਰ ਹਾਜ਼ਰ ਰਹਿਣਗੇ। ਪਾਰਟੀ ਦੇ ਨਵ-ਨਿਯੁਕਤ ਸੂਬਾ ਇੰਚਾਰਜ ਸ਼ਕਤੀਸਿੰਹ ਗੋਹਿਲ ਕਈ ਦਿਨਾਂ ਤੋਂ ਯਾਤਰਾ ਬਾਰੇ ਮੀਟਿੰਗਾਂ ਕਰ ਰਹੇ ਹਨ। ਯਾਤਰਾ ਦਾ ਪਹਿਲਾ  ਗੇੜ 23 ਦਸੰਬਰ ਤੱਕ ਚੱਲੇਗਾ। ਨੂਹ ਤੋਂ ਚੱਲ ਕੇ ਅਗਲੇ ਦਿਨਾਂ ਦੌਰਾਨ ਯਾਤਰਾ ਗੁਰੂਗ੍ਰਾਮ ਤੇ ਫਰੀਦਾਬਾਦ ਜ਼ਿਲ੍ਹਿਆਂ ਵਿਚ ਪਹੁੰਚੇਗੀ। ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਦੱਸਿਆ ਕਿ 24 ਨੂੰ ਯਾਤਰਾ ਦੇ ਦਿੱਲੀ ਵਿਚ ਦਾਖਲ ਹੋਣ ਮੌਕੇ ਇਸ ਨਾਲ 25 ਹਜ਼ਾਰ ਲੋਕ ਜੁੜਨਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਰਕਰ ਜਾਂ ਪਾਰਟੀ ਮੈਂਬਰ ਨਹੀਂ ਹਨ ਪਰ ਵੱਖ-ਵੱਖ ਪਿਛੋਕੜਾਂ ਵਾਲੇ ਲੋਕ ਹਨ। 

Add a Comment

Your email address will not be published. Required fields are marked *