ਧੁੰਦ ਦੀ ਚਾਦਰ ’ਚ ਲਿਪਟਿਆ ਉੱਤਰੀ ਭਾਰਤ

ਚੰਡੀਗੜ੍ਹ, 19 ਦਸੰਬਰ-: ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਹੋਰ ਰਾਜਾਂ ’ਚ ਅੱਜ ਪਈ ਸੰਘਣੀ ਧੁੰਦ ਕਾਰਨ ਆਮ ਜੀਵਨ ਲੀਹੋਂ ਲੱਥਿਆ ਰਿਹਾ। ਸੰਘਣੀ ਧੁੰਦ ਕਾਰਨ 150 ਮੀਟਰ ਤੋਂ ਵੱਧ ਦੂਰ ਦਿਖਾਈ ਨਹੀਂ ਦਿੱਤਾ ਜਿਸ ਕਾਰਨ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ।

ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਪੰਜ ਦਿਨ ਤੱਕ ਸਾਰੇ ਉੱਤਰੀ ਭਾਰਤ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਕਈ ਰੇਲ ਗੱਡੀਆਂ ਤੇ ਉਡਾਣਾਂ ਰੱਦ ਹੋ ਸਕਦੀਆਂ ਹਨ ਜਾਂ ਇਨ੍ਹਾਂ ’ਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਲੈ ਕੇ ਪੂਰਬੀ ਉੱਤਰ ਪ੍ਰਦੇਸ਼ ਤੱਕ ਸੰਘਣੀ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਹੈ। ਸੰਘਣੀ ਧੁੰਦ ਕਾਰਨ ਦੇਖਣ ਦੀ ਸਮਰੱਥਾ 150-200 ਮੀਟਰ ਤੱਕ ਰਹੀ। ਇਸੇ ਤਰ੍ਹਾਂ ਅੱਜ ਸਵੇਰ ਸਮੇਂ ਅੰਮ੍ਰਿਤਸਰ, ਪਟਿਆਲਾ, ਬਰੇਲੀ, ਲਖਨਊ ਤੇ ਬਹਿਰਾਈਚ ’ਚ ਧੁੰਦ ਕਾਰਨ 25 ਤੋਂ 50 ਮੀਟਰ ਦੂਰ ਤੱਕ ਹੀ ਦਿਖਾਈ ਦੇ ਰਿਹਾ ਸੀ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨ ਤੱਕ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸੰਘਣੀ ਧੁੰਦ ਪੈਣ ਦੇ ਨਾਲ ਨਾਲ ਅੱਜ ਪੰਜਾਬ ਤੇ ਹਰਿਆਣਾ ’ਚ ਘੱਟੋ ਘੱਟ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਹਲਵਾਰਾ, ਆਦਮਪੁਰ, ਬਠਿੰਡਾ ਤੇ ਫਰੀਦਕੋਟ ਅਤੇ ਹਰਿਆਣਾ ਦੇ ਹਿਸਾਰ, ਕਰਨਾਲ, ਰੋਹਤਕ, ਭਿਵਾਨੀ ’ਚ ਵੀ ਸੰਘਣੀ ਧੁੰਦ ਪਈ ਹੈ।

Add a Comment

Your email address will not be published. Required fields are marked *