ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀਆਂ ਦੁਕਾਨਾਂ ਖੋਲ੍ਹੋ: ਰਾਹੁਲ
![](http://mehakewattan.com/wp-content/uploads/2022/12/2022_12largeimg_1099892070.jpg)
ਅਲਵਰ, 19 ਦਸੰਬਰ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਆਗੂਆਂ ਵੱਲੋਂ ਉਨ੍ਹਾਂ ਦੀ ਆਲੋਚਨਾ ਕਰਨ ’ਤੇ ‘ਨਫ਼ਰਤ ਦੇ ਬਾਜ਼ਾਰ ’ਚ ਮੁਹੱਬਤ ਦੀਆਂ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ ਹੈ।’ ਭਾਰਤ ਜੋੜੋ ਯਾਤਰਾ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਰਾਜਸਥਾਨ ਦੇ ਹਰੇਕ ਮੰਤਰੀ ਨੂੰ ਕਿਹਾ ਕਿ ਉਹ ਮਹੀਨੇ ’ਚ ਇਕ ਵਾਰ ਸੂਬੇ ’ਚ ਯਾਤਰਾ ਜ਼ਰੂਰ ਕੱਢਣ ਅਤੇ ਆਮ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਤਕਲੀਫ਼ਾਂ ਦਾ ਨਿਬੇੜਾ ਕਰਨ। ਰਾਹੁਲ ਨੇ ਭਾਜਪਾ ਆਗੂਆਂ ’ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਅਤੇ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ ਹੈ। ਕਾਂਗਰਸ ਵਰਕਰਾਂ ਵੱਲੋਂ ਉਨ੍ਹਾਂ ਪ੍ਰਤੀ ਦਿਖਾਏ ਪਿਆਰ ’ਤੇ ਰਾਹੁਲ ਨੇ ਕਿਹਾ ਕਿ ਇੰਜ ਕਰਨ ਨਾਲ ਉਨ੍ਹਾਂ ਦਾ ਧਿਆਨ ਭਟਕ ਰਿਹਾ ਹੈ ਅਤੇ ਜਿਹੜੇ ਭਾਜਪਾ ਦੇ ਦਫ਼ਤਰਾਂ ਉਪਰ ਚੜ੍ਹੇ ਹੋਏ ਹਨ, ਉਹ ਵੀ ਕੁਝ ਝਿਜਕ ਮਗਰੋਂ ਉਨ੍ਹਾਂ ਨੂੰ ਪਿਆਰ ਦੇ ਰਹੇ ਹਨ। ‘ਮੈਂ ਉਨ੍ਹਾਂ (ਭਾਜਪਾ ਵਰਕਰਾਂ) ਨੂੰ ਨਫ਼ਰਤ ਨਹੀਂ ਕਰਦਾ ਸਗੋਂ ਮੈਂ ਆਪਣੀ ਵਿਚਾਰਧਾਰਾ ਨਾਲ ਖੜ੍ਹਾ ਹਾਂ। ਉਹ ਪੁੱਛਦੇ ਹਨ ਕਿ ਮੈਂ ਕੀ ਕਰ ਰਿਹਾ ਹਾਂ ਅਤੇ ਉਨ੍ਹਾਂ ਦੇ ਆਗੂ ਪੁੱਛਦੇ ਹਨ ਕਿ ਮੈਂ ਕੰਨਿਆਕੁਮਾਰੀ ਤੋਂ ਕਸ਼ਮੀਰ ਪੈਦਲ ਯਾਤਰਾ ਕਿਉਂ ਕੱਢ ਰਿਹਾ ਹਾਂ। ਮੇਰਾ ਜਵਾਬ ਹੈ: ਨਫ਼ਰਤ ਕੇ ਬਾਜ਼ਾਰ ਮੇਂ, ਮੁਹੱਬਤ ਕੀ ਦੁਕਾਨ ਖੋਲ੍ਹ ਰਹਾ ਹੂੰ।’ ਰੈਲੀ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਆਗੂ ਹਾਜ਼ਰ ਸਨ। ਉਨ੍ਹਾਂ ਬੱਚਿਆਂ, ਮਹਿਲਾਵਾਂ ਅਤੇ ਸਮਾਜ ਦੇ ਹੋਰ ਵਰਗਾਂ ਲਈ ਯੋਜਨਾਵਾਂ ਸ਼ੁਰੂ ਕਰਨ ਲਈ ਗਹਿਲੋਤ ਸਰਕਾਰ ਦੀ ਸ਼ਲਾਘਾ ਕੀਤੀ। ਰਾਹੁਲ ਨੇ ਕਿਹਾ ਕਿ ਅਮਿਤ ਸ਼ਾਹ ਅਤੇ ਹੋਰ ਭਾਜਪਾ ਆਗੂ ਸਕੂਲਾਂ ’ਚ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਦਾ ਵਿਰੋਧ ਕਰਦੇ ਹਨ ਪਰ ਉਨ੍ਹਾਂ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ’ਚ ਪੜ੍ਹਦੇ ਹਨ।