ਜ਼ੀਰਾ ਸ਼ਰਾਬ ਫ਼ੈਕਟਰੀ ਮਾਮਲਾ: ਪੁਲੀਸ ਵੱਲੋਂ ਧਰਨਾਕਾਰੀਆਂ ’ਤੇ ਲਾਠੀਚਾਰਜ

ਫ਼ਿਰੋਜ਼ਪੁਰ, 18 ਦਸੰਬਰ-: ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਪੰਜ ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪੁਲੀਸ ਨੇ ਅੱਜ ਲਾਠੀਚਾਰਜ ਕੀਤਾ। ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਧਰਨਾਕਾਰੀਆਂ ਦਾ ਟੈਂਟ ਵੀ ਪੁੱਟ ਦਿੱਤਾ ਹੈ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ ਜਾਮ ਕਰਨ ਦਾ ਯਤਨ ਕੀਤਾ ਤਾਂ ਪੁਲੀਸ ਨੇ ਲਾਠੀਚਾਰਜ ਨਾਲ ਇਹ ਯਤਨ ਅਸਫਲ ਬਣਾ ਦਿੱਤਾ। ਮੌਕੇ ’ਤੇ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਹੈ ਅਤੇ ਪੌਣੇ ਦੋ ਸੌ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਥਾਣਾ ਜ਼ੀਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਫੈਕਟਰੀ ਦੇ ਗੇਟ ਅੱਗੇ ਸਾਂਝੇ ਮੋਰਚੇ ਦੀ ਚੱਲ ਰਹੀ ਸਟੇਜ ’ਤੇ ਕੋਈ ਵੀ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਪਾਠ ਜਾਪ ਚੱਲ ਰਹੇ ਹਨ।

ਪ੍ਰਸ਼ਾਸਨ ਨੇ ਤਰਕ ਦਿੱਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਧਰਨਾਕਾਰੀਆਂ ਨੂੰ ਫੈਕਟਰੀ ਤੋਂ ਤਿੰਨ ਸੌ ਮੀਟਰ ਦੂਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਧਰਨਾਕਾਰੀ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੋ ਰਹੇ ਸਨ ਜਿਸ ਕਰਕੇ ਮਜਬੂਰਨ ਪ੍ਰਸ਼ਾਸਨ ਨੂੰ ਅੱਜ ਹਲਕਾ ਲਾਠੀਚਾਰਜ ਕਰਨਾ ਪਿਆ। ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਵੀਹ ਦਸੰਬਰ ਰੱਖੀ ਗਈ ਹੈ ਜਿੱਥੇ ਇਸ ਸਬੰਧੀ ਜਵਾਬ ਪੇਸ਼ ਕੀਤਾ ਜਾਣਾ ਹੈ।  ਫੈਕਟਰੀ ਤੋਂ ਇੱਕ ਕਿਲੋਮੀਟਰ ਦੂਰ ਪੈਂਦੇ ਪਿੰਡ ਰਟੌਲ ਰੋਹੀ ਦੇ ਟੀ-ਪੁਆਇੰਟ ’ਤੇ ਪੱਕਾ ਨਾਕਾ ਲਾ ਕੇ ਖੜ੍ਹੇ ਪ੍ਰਦਰਸ਼ਨਕਾਰੀਆਂ ਉੱਪਰ ਪੁਲੀਸ ਨੇ ਹਲਕੀ ਤਾਕਤ ਦੀ ਵਰਤੋਂ ਕਰਕੇ  ਅੱਜ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਕੁਝ ਨੂੰ ਉਥੋਂ ਖਦੇੜ ਦਿੱਤਾ। ਧਰਨਾਕਾਰੀਆਂ ਵੱਲੋਂ ਇਸ ਪੁਆਇੰਟ ’ਤੇ ਲਾਏ ਗਏ ਪੱਕੇ ਨਾਕੇ ਨੂੰ ਕਰੇਨ ਦੀ ਮਦਦ ਨਾਲ ਉਖਾੜ ਕੇ ਪੁਲੀਸ ਨੇ ਹੁਣ ਆਪਣਾ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਫ਼ੈਕਟਰੀ ਦੇ ਬਾਹਰ ਲੱਗਾ ਧਰਨਾ ਅਜੇ ਵੀ ਜਾਰੀ ਹੈ ਪਰ ਲਾਠੀਚਾਰਜ ਤੋਂ ਬਾਅਦ ਉਥੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਜਿਹੜੇ ਪ੍ਰਦਰਸ਼ਨਕਾਰੀ ਰਟੌਲ ਰੋਹੀ ਤੋਂ ਖਦੇੜੇ ਗਏ ਸਨ ਉਨ੍ਹਾਂ ਵਿਚੋਂ ਕੁਝ ਖੇਤਾਂ ਵਿਚੋਂ ਹੋ ਕੇ ਫੈਕਟਰੀ ਦੇ ਬਾਹਰ ਲੱਗੇ ਧਰਨੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਪ੍ਰਸ਼ਾਸਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ਭੇਜਣ ਦੀਆਂ ਤਿਆਰੀਆਂ ਵੀ ਵਿੱਢ ਰਿਹਾ ਹੈ। ਇਸ ਲਈ ਐੱਸਡੀਐੱਮ ਜ਼ੀਰਾ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਬੇਅਦਬੀ ਹੋਣ ਦਾ ਡਰ ਦੱਸ ਕੇ ਚਿੱਠੀ ਲਿਖੀ ਗਈ ਹੈ ਤੇ ਸਰੂਪ ਨੂੰ ਤੁਰੰਤ ਗੁਰਦੁਆਰੇ ’ਚ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। 

ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਅਤੇ ਐੱਸਐੱਸਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਕਟਰੀ ਦੇ ਬਾਹਰ ਲੱਗੇ ਧਰਨੇ ਨੂੰ ਤਿੰਨ ਸੌ ਮੀਟਰ ਪਿੱਛੇ ਲਿਜਾਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਨੂੰ ਲਾਗੂ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਗਿਆ ਸੀ ਪਰ ਉਹ ਮੰਨਣ ਲਈ ਤਿਆਰ ਨਹੀਂ ਹੋਏ ਜਿਸ ਮਗਰੋਂ ਪੁਲੀਸ ਨੂੰ ਮਜਬੂਰਨ ਹਲਕਾ ਲਾਠੀਚਾਰਜ ਕਰਨਾ ਪਿਆ।

ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ਰੋਕਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਹੀ ਹਟਾਇਆ ਗਿਆ ਹੈ ਤੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਫੈਕਟਰੀ ਨੂੰ ਜਾਂਦਾ ਰਾਹ ਹੀ ਖੁੱਲ੍ਹਵਾਇਆ ਗਿਆ ਹੈ, ਜਦਕਿ 300 ਮੀਟਰ ਦੂਰ ਧਰਨੇ ’ਤੇ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਵੀਡੀਓਗ੍ਰਾਫ਼ੀ ਕੀਤੀ ਜਾ ਰਹੀ ਹੈ ਅਤੇ ਮਾਹੌਲ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਇੱਥੇ 2000 ਪੁਲੀਸ ਕਰਮੀ ਇੱਥੇ ਤਾਇਨਾਤ ਕੀਤੇ ਗਏ ਹਨ। 

Add a Comment

Your email address will not be published. Required fields are marked *