ਰਾਕੇਟ ਦੀ ਸਪੀਡ ਨਾਲ ਵਧੀ ਗੌਤਮ ਅਡਾਨੀ ਦੀ ਦੌਲਤ, ਅੰਬਾਨੀ ਦੀ ਤੁਲਨਾ ’ਚ ਡੇਢ ਗੁਣਾ ਹੋਈ

ਨਵੀਂ ਦਿੱਲੀ  – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਦੀ ਦੌਲਤ ਇਸ ਸਾਲ ਰਾਕੇਟ ਦੀ ਸਪੀਡ ਨਾਲ ਵਧੀ ਹੈ। ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਹੁਣ ਉਹ ਬਹੁਤ ਅੱਗੇ ਨਿਕਲ ਗਏ ਹਨ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਤੁਲਨਾ ’ਚ ਗੌਤਮ ਅਡਾਨੀ ਦੀ ਨੈੱਟਵਰਥ ਡੇਢ ਗੁਣਾ ਹੋ ਚੁੱਕੀ ਹੈ। ਬਲੂਮਬਰਗ ਬਿਲੀਅਨੀਅਰਸ ਇੰਡੈਕਸ ਮੁਤਾਬਕ ਅਡਾਨੀ ਦੀ ਨੈੱਟਵਰਥ 137 ਅਰਬ ਡਾਲਰ ਪਹੁੰਚ ਚੁੱਕੀ ਹੈ ਜਦ ਕਿ ਅੰਬਾਨੀ ਦੀ ਨੈੱਟਵਰਥ 92.7 ਅਰਬ ਡਾਲਰ ਰਹਿ ਗਈ ਹੈ। ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਅਡਾਨੀ ਚੌਥੇ ਅਤੇ ਅੰਬਾਨੀ 11ਵੇਂ ਨੰਬਰ ’ਤੇ ਹਨ। ਇਸ ਸਾਲ ਅਡਾਨੀ ਦੀ ਨੈੱਟਵਰਥ ’ਚ 60.2 ਅਰਬ ਡਾਲਰ ਦਾ ਵਾਧਾ ਹੋਇਆ ਹੈ ਜਦ ਕਿ ਅੰਬਾਨੀ ਦੀ ਨੈੱਟਵਰਥ 2.75 ਅਰਬ ਡਾਲਰ ਵਧੀ ਹੈ। ਦੁਨੀਆ ਦੇ ਟੌਪ 10 ਅਮੀਰਾਂ ’ਚ ਅਡਾਨੀ ਨੂੰ ਛੱਡ ਕੇ ਇਸ ਸਾਲ ਸਭ ਦੀ ਨੈੱਟਵਰਥ ’ਚ ਗਿਰਾਵਟ ਆਈ ਹੈ।

ਸ਼ੇਅਰ ਬਾਜ਼ਾਰ ਵੀਰਵਾਰ ਨੂੰ ਕਰੀਬ-ਕਰੀਬ ਸਪਾਟ ਬੰਦ ਹੋਇਆ ਜਦ ਕਿ ਸ਼ੁੱਕਰਵਾਰ ਨੂੰ ਇਸ ’ਚ ਗਿਰਾਵਟ ਆਈ। ਇਸ ਦੇ ਬਾਵਜੂਦ ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਰਹੀ। ਅਡਾਨੀ ਗਰੁੱਪ ਦਾ ਸ਼ੇਅਰ 2.88 ਫੀਸਦੀ ਤੇਜ਼ੀ ਨਾਲ 410.90 ਰੁਪਏ ’ਤੇ ਬੰਦ ਹੋਇਆ। ਇਸ ਸਾਲ ਅਡਾਨੀ ਪਾਵਰ ਦੇ ਸ਼ੇਅਰਾਂ ’ਚ ਹੁਣ ਤੱਕ 318 ਫੀਸਦੀ ਤੇਜ਼ੀ ਆ ਚੁੱਕੀ ਹੈ। ਅਡਾਨੀ ਟ੍ਰਾਂਸਮਿਸ਼ਨ ਵਿਚ ਸ਼ੁੱਕਰਵਾਰ ਨੂੰ 1.17 ਫੀਸਦੀ, ਅਡਾਨੀ ਗ੍ਰੀਨ ਐਨਰਜੀ ’ਚ 5.10 ਫੀਸਦੀ ਅਤੇ ਅਡਾਨੀ ਪੋਰਟਸ ’ਚ 4.61 ਫੀਸਦੀ ਤੇਜ਼ੀ ਰਹੀ। ਇਸ ਨਾਲ ਸ਼ੁੱਕਰਵਾਰ ਨੂੰ ਅਡਾਨੀ ਦੀ ਨੈੱਟਵਰਥ ’ਚ 1.85 ਅਰਬ ਡਾਲਰ ਯਾਨੀ 14,786 ਕਰੋੜ ਰੁਪਏ ਦਾ ਵਾਧਾ ਹੋਇਆ।

ਅੰਬਾਨੀ ਦੀ ਨੈੱਟਵਰਥ ’ਚ ਗਿਰਾਵਟ

ਇਸ ਦਰਮਿਆਨ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ ਆਈ ਗਿਰਾਵਟ ਨਾਲ ਮੁਕੇਸ਼ ਅੰਬਾਨੀ ਦੀ ਨੈੱਟਵਰਥ ’ਚ ਗਿਰਾਵਟ ਆਈ। ਰਿਲਾਇੰਸ ਦਾ ਸ਼ੇਅਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ 1.77 ਫੀਸਦੀ ਦੀ ਗਿਰਾਵਟ ਨਾਲ 2613.60 ਰੁਪਏ ’ਤੇ ਬੰਦ ਹੋਇਅਾ। ਇਸ ਨਾਲ ਅੰਬਾਨੀ ਦੀ ਨੈੱਟਵਰਥ ’ਚ 1.81 ਅਰਬ ਡਾਲਰ ਦੀ ਗਿਰਾਵਟ ਆਈ ਅਤੇ ਇਹ 92.7 ਅਰਬ ਡਾਲਰ ਰਹਿ ਗਈ ਹੈ। ਅੰਬਾਨੀ ਕਦੀ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਸਨ ਪਰ ਹੁਣ ਅਡਾਨੀ ਨੇ ਉਨ੍ਹਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਦੋਹਾਂ ਦੀ ਨੈੱਟਵਰਕ ’ਚ 44.3 ਅਰਬ ਡਾਲਰ ਦਾ ਫਰਕ ਹੋ ਗਿਆ ਹੈ।

Add a Comment

Your email address will not be published. Required fields are marked *