ਭਾਰਤ ਜੋੜੋ ਯਾਤਰਾ ’ਚ ਹਿੱਸਾ ਲੈਣਗੇ ਹਿਮਾਚਲ ਦੇ ਨਵੇਂ ਚੁਣੇ ਵਿਧਾਇਕ

ਸਵਾਈ ਮਾਧੋਪੁਰ, 13 ਦਸੰਬਰ-: ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ 100 ਦਿਨ ਪੂਰੇ ਹੋਣ ਮੌਕੇ ਪਾਰਟੀ ਸ਼ੁੱਕਰਵਾਰ ਨੂੰ ਜੈਪੁਰ ਵਿਚ ਇਕ ਸੰਗੀਤ ਸਮਾਰੋਹ ਕਰਵਾਏਗੀ ਜਿਸ ’ਚ ਗਾਇਕਾ ਸੁਨਿਧੀ ਚੌਹਾਨ ਪੇਸ਼ਕਾਰੀ ਦੇਵੇਗੀ। ਜ਼ਿਕਰਯੋਗ ਹੈ ਕਿ ਯਾਤਰਾ ਸੱਤ ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਹੁਣ ਤੱਕ ਇਹ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਕਰਨਾਟਕ, ਤਿਲੰਗਾਨਾ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ’ਚੋਂ ਗੁਜ਼ਰ ਚੁੱਕੀ ਹੈ। ਫਰਵਰੀ 2023 ਵਿਚ ਇਹ ਜੰਮੂ ਕਸ਼ਮੀਰ ਵਿਚ ਸੰਪੂਰਨ ਹੋਵੇਗੀ। ਜੈਪੁਰ ਵਿਚ ਹੋਣ ਵਾਲੇ ਪ੍ਰੋਗਰਾਮ ’ਚ ਪਾਰਟੀ ਆਗੂ ਰਾਹੁਲ ਗਾਂਧੀ ਵੀ ਸ਼ਿਰਕਤ ਕਰਨਗੇ। ਇਸੇ ਦਿਨ ਉਹ ਦੌਸਾ ਵਿਚ ਪ੍ਰੈੱਸ ਕਾਨਫਰੰਸ ਵੀ ਕਰਨਗੇ। ਰਮੇਸ਼ ਨੇ ਦੱਸਿਆ ਕਿ 16 ਦਸੰਬਰ ਨੂੰ ਹੀ ਹਿਮਾਚਲ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਬਾਕੀ ਕਾਂਗਰਸ ਵਿਧਾਇਕ ਵੀ ਯਾਤਰਾ ’ਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ 19 ਨੂੰ ਅਲਵਰ ਵਿਚ ਵੱਡੀ ਰੈਲੀ ਕੀਤੀ ਜਾਵੇਗੀ। ਰਾਜਸਥਾਨ ਕਾਂਗਰਸ ਦੇ ਮੁਖੀ ਗੋਵਿੰਦ ਸਿੰਘ ਦੋਤਾਸਰਾ ਨੇ ਕਿਹਾ ਕਿ ਯਾਤਰਾ ਦੌਰਾਨ ਮਿਲ ਰਹੇ ਲੋਕਾਂ ਦੇ ਸੁਝਾਅ ਮੁੱਖ ਮੰਤਰੀ ਦਫਤਰ ਤੱਕ ਪਹੁੰਚਾਏ ਜਾਣਗੇ। ਇਸ ਤੋਂ ਪਹਿਲਾਂ ਯਾਤਰਾ ਅੱਜ ਜੀਨਾਪੁਰ ਤੋਂ ਸਵੇਰੇ ਸ਼ੁਰੂ ਹੋਈ। ਸ਼ਾਮ ਵੇਲੇ ਕਈ ਸੀਏ, ਉੱਦਮੀ ਤੇ ਕਬਾਇਲੀ ਨੌਜਵਾਨ ਵੱਖ-ਵੱਖ ਗਰੁੱਪਾਂ ਵਿਚ ਰਾਹੁਲ ਦੇ ਨਾਲ ਪੈਦਲ ਚੱਲੇ। ਦੁਪਹਿਰੇ ਰਾਹੁਲ ਕਈ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਮਿਲੇ ਜੋ ਰਾਜ ਵਿਚ ਦਲਿਤ ਭਾਈਚਾਰੇ ਦੇ ਵਿਕਾਸ ਤੇ ਭਲਾਈ ਲਈ ਕੰਮ ਕਰ ਰਹੇ ਹਨ। ਗਾਂਧੀ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਹੱਲ ਲਈ ਕਿਹਾ। ਰਾਹੁਲ ਨੇ ਕਿਹਾ ਕਿ ਦਲਿਤਾਂ ਨੇ ਹੀ ਭਾਰਤ ਨੂੰ ਸੰਵਿਧਾਨ ਦਿੱਤਾ ਸੀ ਤੇ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਰਾਹੁਲ ਨੇ ਨਾਲ ਹੀ ਕਿਹਾ ਕਿ ਐੱਸਸੀ, ਐੱਸਟੀ ਤੇ ਓਬੀਸੀ ਭਾਈਚਾਰਿਆਂ ਦੀ ਪ੍ਰਸ਼ਾਸਨ, ਨਿਆਂਪਾਲਿਕਾ ਜਾਂ ਮੀਡੀਆ ਵਿਚ ਬਣਦੀ ਤੇ ਢੁੱਕਵੀਂ ਹਿੱਸੇਦਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਆਰ ਅੰਬੇਡਕਰ ਦੇ ਰਾਹ ਉਤੇ ਚੱਲ ਕੇ ਹੀ ਸਥਿਰੀ ਸੁਧਾਰੀ ਜਾ ਸਕਦੀ ਹੈ।

Add a Comment

Your email address will not be published. Required fields are marked *