ਮਹਿਲਾ ਸ਼ਕਤੀਕਰਨ ਨੂੰ ਸਮਰਪਿਤ ਰਹੀ ਅੱਜ ਦੀ ਭਾਰਤ ਜੋੜੋ ਯਾਤਰਾ

ਕੋਟਾ, 12 ਦਸੰਬਰ-: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਬੂੰਦੀ ਜ਼ਿਲ੍ਹੇ ਤੋਂ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਮੁੜ ਸ਼ੁਰੂ ਹੋਈ। ਰਾਹੁਲ ਨਾਲ ਪੈਦਲ ਯਾਤਰਾ ’ਚ ਉਨ੍ਹਾਂ ਦੀ ਭੈਣ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉਸ ਦਾ ਪਤੀ ਰੌਬਰਟ ਵਾਡਰਾ ਤੇ ਸੈਂਕੜੇ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਪਾਰਟੀ ਨੇ ਅੱਜ ਦੇ ਦਿਨ ਮਹਿਲਾ ਸ਼ਕਤੀਕਰਨ ਦਾ ਸੁਨੇਹਾ ਦਿੱਤਾ। ਅੱਜ ਸਵੇਰੇ 6 ਵਜੇ ਦੇ ਕਰੀਬ ਇਹ ਯਾਤਰਾ ਬਬਾਈ ਦੇ ਤੇਜਾਜੀ ਮਹਾਰਾਜ ਮੰਡੀ ਤੋਂ ਸ਼ੁਰੂ ਹੋਈ।

ਪਾਰਟੀ ਕਾਰਕੁਨਾਂ ਤੇ ਨੇੜਲੇ ਇਲਾਕਿਆਂ ਤੋਂ ਵੱਡੀ ਗਿਣਤੀ ਮਹਿਲਾਵਾਂ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਤੇ ਹੋਰ ਯਾਤਰੀਆਂ ਨਾਲ ਕੋਟਾ-ਲਾਲਸੋਟ ਮੈਗਾ ਹਾਈਵੇਅ ’ਤੇ ਪਹੁੰਚੀਆਂ। ਉਨ੍ਹਾਂ ਬਬਾਈ ਤੋਂ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਪੀਪਲਵਾੜਾ ਤੱਕ ਮਾਰਚ ਕੀਤਾ। ਤਾਮਿਲ ਨਾਡੂ ਦੇ ਕੰਨਿਆਕੁਮਾਰੀ ਤੋਂ ਸੱਤ ਸਤੰਬਰ ਨੂੰ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦੇ ਨਾਲ ਚੱਲ ਰਹੇ ਰਾਹੁਲ ਰਾਓ ਨੇ ਕਿਹਾ, ‘ਅੱਜ 96ਵੇਂ ਦਿਨ ਦੀ ‘ਭਾਰਤ ਜੋੜੋ ਯਾਤਰਾ’ ਨਾਰੀ ਸ਼ਕਤੀ ਨਾਲ ਸਵੇਰੇ ਛੇ ਵਜੇ ਬਬਾਈ ਪਿੰਡ ਤੋਂ ਤੇਜਾਜੀ ਮਹਾਰਾਜ ਮੰਦਰ ’ਚ ਪੂਜਾ ਕਰਨ, ਕੌਮੀ ਤਰਾਨਾ ਗਾਉਣ ਤੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸ਼ੁਰੂ ਹੋਈ।’ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੜਕਾਂ ’ਤੇ ਵੱਡੀ ਗਿਣਤੀ ’ਚ ਮਹਿਲਾਵਾਂ ਯਾਤਰੀਆਂ ਦਾ ਸਵਾਗਤ ਕਰਨ ਲਈ ਇਕੱਠੀਆਂ ਹੋਈਆਂ ਅਤੇ ਮਾਰਚ ਦਾ ਹਿੱਸਾ ਵੀ ਬਣੀਆਂ। ਕਾਂਗਰਸ ਦੇ ਸਥਾਨਕ ਆਗੂ ਅਜੈ ਸ਼ਰਮਾ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਯਾਤਰਾ ਮੁੜ ਸ਼ੁਰੂ ਹੋਈ ਤਾਂ ਪੰਜ ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਯਾਤਰਾ ’ਚ ਸਮੂਲੀਅਤ ਕੀਤੀ। ਰਾਜਸਥਾਨ ’ਚ ਯਾਤਰਾ ਦੇ ਸਹਿ-ਕੋਆਰਡੀਨੇਟਰ ਕਪਿਲ ਯਾਦਵ ਨੇ ਦੱਸਿਆ ਕਿ 96ਵੇਂ ਦਿਨ ਦੀ ਯਾਤਰਾ ਮਹਿਲਾ ਸ਼ਕਤੀਕਰਨ ਨੂੰ ਸਮਰਪਿਤ ਹੈ।

Add a Comment

Your email address will not be published. Required fields are marked *