ਸਿਰਫਿਰੇ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਇਟਲੀ ਦੀ PM ਦੀ ਨਜ਼ਦੀਕੀ ਦੋਸਤ ਸਣੇ 3 ਔਰਤਾਂ ਦੀ ਮੌਤ

ਰੋਮ : ਇਟਲੀ ਦੀ ਰਾਜਧਾਨੀ ਰੋਮ ’ਚ ਐਤਵਾਰ ਨੂੰ ਇਕ ਸਿਰਫਿਰੇ 57 ਸਾਲਾ ਕਲਾਉਦੀ ਕੈਂਪੀ ਨੇ ਬਹੁਮੰਜ਼ਿਲਾ ਇਮਾਰਤ ਦੇ ਬਾਸ਼ਿੰਦਿਆਂ ਵੱਲੋਂ ਬਣਾਈ ਯੂਨੀਅਨ ਦੀ ਇਕ ਬਾਰ ’ਤੇ ਚੱਲ ਰਹੀ ਮੀਟਿੰਗ ’ਚ ਅਚਨਚੇਤ ਜਾ ਕੇ ਗੋਲ਼ੀਆਂ ਮਾਰ ਕੇ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਇਸ ਘਟਨਾ ’ਚ 3-4 ਲੋਕਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਲਾਉਦੀ ਕੈਂਪੀ ਬਹੁਮੰਜ਼ਿਲਾ ਇਮਾਰਤ ’ਚ ਰਹਿ ਰਹੇ ਲੋਕਾਂ ਨੂੰ ਰਿਹਾਇਸ਼ ਛੱਡਣ ਨੂੰ ਕਹਿ ਰਿਹਾ ਸੀ ਪਰ ਕਿਰਾਏਦਾਰ ਫਲੈਟ ਖਾਲੀ ਕਰਨ ਨੂੰ ਤਿਆਰ ਨਹੀਂ ਸਨ, ਜਿਸ ਬਾਬਤ ਕਿਰਾਏਦਾਰਾਂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਸਥਾਨਕ ਇਕ ਬਾਰ ’ਤੇ ਬੁਲਾਈ ਗਈ ਸੀ, ਜਿਸ ’ਚ ਅਚਾਨਕ ਜਾ ਕੇ ਕਲਾਉਦੀ ਕੈਂਪੀ ਨੇ ਅੰਨ੍ਹੇਵਾਹ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ ਤੇ 3 ਔਰਤਾਂ ਜਿਨ੍ਹਾਂ ’ਚ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਨਜ਼ਦੀਕੀ ਦੋਸਤ ਤੋਂ ਇਲਾਵਾ 2 ਹੋਰ ਔਰਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ 3-4 ਲੋਕ ਗੰਭੀਰ ਜ਼ਖ਼ਮੀ ਹਨ। ਜ਼ਖ਼ਮੀ ਰੋਮ ’ਚ ਜ਼ੇਰੇ ਇਲਾਜ ਹਨ।

ਮੀਟਿੰਗ ’ਚ ਵੜਦਿਆਂ ਹੀ ਮੁਲਜ਼ਮ ਨੇ ਕਿਹਾ ਕਿ ਉਹ ਸਭ ਨੂੰ ਮਾਰ ਦੇਵੇਗਾ ਕਿਉਂਕਿ ਉਹ ਉਸ ਦਾ ਕਹਿਣਾ ਨਹੀਂ ਮੰਨ ਰਹੇ, ਜਦਕਿ ਉਸ ਨੇ ਪਹਿਲਾਂ ਇਨ੍ਹਾਂ ਲੋਕਾਂ ਨੂੰ ਰਿਹਾਇਸ਼ ਖਾਲੀ ਕਰਨ ਦੀ ਧਮਕੀ ਦਿੱਤੀ ਹੋਈ ਸੀ। ਜਿਹੜੀ ਔਰਤ ਪ੍ਰਧਾਨ ਮੰਤਰੀ ਮੇਲੋਨੀ ਦੀ ਨਜ਼ਦੀਕੀ ਦੋਸਤ ਦੱਸੀ ਜਾ ਰਹੀ ਹੈ, ਉਸ ਦੀ ਬੇਵਕਤੀ ਮੌਤ ’ਤੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਘਟਨਾ ਤੋਂ ਬਾਅਦ ਰੋਮ ਦੇ ਮੇਅਰ ਰਾਬੇਰਤੋ ਗੁਆਲੀਤੀਏਰੀ ਨੇ ਇਕ ਐਮਰਜੈਂਸੀ ਸੁਰੱਖਿਆ ਮੀਟਿੰਗ ਬੁਲਾਈ, ਜਿਸ ’ਚ ਉਨ੍ਹਾਂ ਇਸ ਨੂੰ ਹਿੰਸਾ ਦੀ ਗੰਭੀਰ ਘਟਨਾ ਕਰਾਰ ਦਿੱਦਿਆਂ 3 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ। ਮਰਨ ਵਾਲਿਆਂ ’ਚ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਨਜ਼ਦੀਕੀ ਦੋਸਤ ਨਿਕੋਲਤਾ ਗੋਲੀਸਾਨੋ (50), ਸਬਰੀਨਾ ਸਪੇਰਾਨਦੀ (71) ਤੇ ਅਲੀਸਾਬੇਤਾ (55) ਸ਼ਾਮਿਲ ਹਨ। ਦੋਸ਼ੀ ਕਲਾਉਦੀ ਕੈਂਪੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Add a Comment

Your email address will not be published. Required fields are marked *