ਆਸਟ੍ਰੇਲੀਆ ‘ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਪੁਲਸ ਮੁਲਾਜ਼ਮਾਂ ਸਮੇਤ 6 ਲੋਕਾਂ ਦੀ ਮੌਤ

ਬ੍ਰਿਸਬੇਨ – ਆਸਟਰੇਲੀਆ ਦੇ ਇੱਕ ਪੇਂਡੂ ਖੇਤਰ ਵਿੱਚ 2 ਪੁਲਸ ਅਧਿਕਾਰੀਆਂ ਸਮੇਤ 6 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਇਕ ਲਾਪਤਾ ਵਿਅਕਤੀ ਦੀ ਸ਼ਿਕਾਇਤ ਦੀ ਜਾਂਚ ਦੇ ਸਬੰਧ ਵਿੱਚ ਮੌਕੇ ’ਤੇ ਪੁੱਜੇ ਸਨ। ਪੁਲਸ ਨੇ ਕਿਹਾ ਕਿ ਹਿੰਸਾ ਸੋਮਵਾਰ ਸ਼ਾਮ 5.45 ਵਜੇ ਦੇ ਕਰੀਬ ਹੋਈ, ਜਦੋਂ 4 ਅਧਿਕਾਰੀ ਕੁਈਨਜ਼ਲੈਂਡ ਰਾਜ ਵਿੱਚ ਇੱਕ ਰਿਮੋਟ ਪ੍ਰਾਪਰਟੀ ‘ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਵਿੰਬੀਲਾ ਦੇ ਇੱਕ ਪੇਂਡੂ ਖੇਤਰ ਵਿੱਚ ਘੱਟੋ-ਘੱਟ 2 ਹਮਲਾਵਰਾਂ ਨੇ ਪੁਲਸ ਅਧਿਕਾਰੀਆਂ ‘ਤੇ ਗੋਲੀਬਾਰੀ ਕੀਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਪਰ 2 ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਮੌਕੇ ‘ਤੇ ਹੀ ਦਮ ਤੋੜ ਗਏ। ਮੌਕੇ ‘ਤੇ ਮੌਜੂਦ ਇਕ ਹੋਰ ਵਿਅਕਤੀ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕੁਈਨਜ਼ਲੈਂਡ ਪੁਲਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਸ਼ੁਰੂਆਤੀ ਗੋਲੀਬਾਰੀ ਵਿੱਚ ਇੱਕ ਹੋਰ ਅਧਿਕਾਰੀ ਨੂੰ ਗੋਲੀ ਲੱਗ ਗਈ ਸੀ, ਜਦਕਿ ਇੱਕ ਹੋਰ ਅਧਿਕਾਰੀ ਆਪਣੀ ਬਚਾਅ ਕੇ ਉੱਥੋਂ ਭੱਜਣ ਵਿੱਚ ਕਾਮਯਾਬ ਰਿਹਾ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਸ਼ੇਸ਼ ਪੁਲਸ ਅਧਿਕਾਰੀਆਂ ਅਤੇ ਹਵਾਈ ਫ਼ੌਜ ਨੂੰ ਮਦਦ ਲਈ ਬੁਲਾਇਆ ਗਿਆ ਅਤੇ ਘਟਨਾ ਸਥਾਨ ਨੂੰ ਘੇਰ ਲਿਆ ਗਿਆ। ਇਸ ਤੋਂ ਬਾਅਦ ਰਾਤ 10.30 ਵਜੇ ਦੇ ਕਰੀਬ ਪੁਲਸ ਨਾਲ ਹੋਏ ਇੱਕ ਹੋਰ ਮੁਕਾਬਲੇ ਵਿੱਚ 2 ਪੁਰਸ਼ ਅਤੇ 1 ਔਰਤ ਮਾਰੇ ਗਏ। ਕੈਰੋਲ ਨੇ ਕਿਹਾ, “ਬਦਕਿਸਮਤੀ ਨਾਲ ਇਹ ਹਾਲ ਹੀ ਦੇ ਸਮੇਂ ਵਿੱਚ ਕਿਸੇ ਇੱਕ ਘਟਨਾ ਵਿੱਚ ਮੌਤਾਂ ਦੀ ਸਭ ਤੋਂ ਵੱਧ ਸੰਖਿਆ ਹੈ।” ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ”ਵਿੰਬਿਲਾ ‘ਚ ਭਿਆਨਕ ਦ੍ਰਿਸ਼। ਕੁਈਨਜ਼ਲੈਂਡ ਪੁਲਸ ਅਫਸਰਾਂ ਦੇ ਪਰਿਵਾਰਾਂ ਅਤੇ ਦੋਸਤਾਂ ਲਈ ਇੱਕ ਦਿਲ ਦਹਿਲਾਉਣ ਵਾਲਾ ਦਿਨ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਈ। ਅਲਬਾਨੀਜ਼ ਨੇ ਟਵੀਟ ਕੀਤਾ, “ਮੇਰੇ ਵਿਚਾਰ ਸਾਰੇ ਸੋਗ ਵਿੱਚ ਡੁੱਬੇ ਲੋਕਾਂ ਦੇ ਨਾਲ ਹਨ, ਆਸਟ੍ਰੇਲੀਆ ਇਸ ਦੁੱਖ ਵਿਚ ਤੁਹਾਡੇ ਨਾਲ ਹੈ।” 

Add a Comment

Your email address will not be published. Required fields are marked *