ਭਾਰਤ ਨਾਲ ਪੱਕੇ ਤੌਰ ’ਤੇ ਸ਼ਾਂਤੀ ਚਾਹੁੰਦੈ ਪਾਕਿਸਤਾਨ: ਸ਼ਰੀਫ਼

ਇਸਲਾਮਾਬਾਦ, 20 ਅਗਸਤ

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਗੱਲਬਾਤ ਜ਼ਰੀਏ ਭਾਰਤ ਨਾਲ ਪੱਕੇ ਤੌਰ ’ਤੇ ਸ਼ਾਂਤੀ ਚਾਹੁੰਦਾ ਹੈ ਕਿਉਂਕਿ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਜੰਗ ਕਿਸੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਹਾਰਵਰਡ ਯੂਨੀਵਰਸਿਟੀ ਤੋਂ ਆਏ ਵਿਦਿਆਰਥੀਆਂ ਦੇ ਇੱਕ ਵਫ਼ਦ ਨੂੰ ਸੰਬੋਧਨ ਕਰਦਿਆਂ ਸ਼ਰੀਫ਼ ਨੇ ਕਿਹਾ ਕਿ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਕਸ਼ਮੀਰ ਮੁੱਦੇ ਦੇ ਹੱਲ ਨਾਲ ਜੁੜੀ ਹੋਈ ਹੈ। ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਪਾਕਿਸਤਾਨ ਨੇ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਸੰਕਲਪ ਲਿਆ ਹੈ ਅਤੇ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਅਨੁਸਾਰ ਕਸ਼ਮੀਰ ਮੁੱਦੇ ਦੇ ਹੱਲ ਨਾਲ ਜੁੜੀ ਹੋਈ ਹੈ।’’ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ, ‘‘ਅਸੀਂ ਗੱਲਬਾਤ ਜ਼ਰੀਏ ਭਾਰਤ ਨਾਲ ਸਥਾਈ ਸ਼ਾਂਤੀ ਚਾਹੁੰਦੇ ਹਾਂ ਕਿਉਂਕਿ ਜੰਗ ਕਿਸੇ ਵੀ ਦੇਸ਼ ਲਈ ਬਦਲ ਨਹੀਂ ਹੈ।’’ ਕਸ਼ਮੀਰ ਮੁੱਦੇ ਅਤੇ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਪਾਰ ਤੋਂ ਹੁੰਦੀਆਂ ਅਤਿਵਾਦੀ ਕਾਰਵਾਈਆਂ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਸਬੰਧ ਹਮੇਸ਼ਾ ਤਣਾਅਪੂਰਨ ਰਹੇ ਹਨ। ਹਾਲਾਂਕਿ, ਭਾਰਤ ਵੱਲੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਮਨਸੂਖ਼ ਕਰਨ ਅਤੇ ਸੂਬੇ ਨੂੰ ਵੰਡ ਕੇ ਦੋ ਕੇਂਦਰੀ     ਸ਼ਾਸਿਤ ਪ੍ਰਦੇੇਸ਼ ਬਣਾਉਣ ਮਗਰੋਂ ਦੋਵਾਂ ਗੁਆਂਢੀ ਦੇਸ਼ਾਂ ਦੇ ਸਬੰਧਾਂ ਵਿੱਚ    ਨਿਘਾਰ ਆ ਗਿਆ ਸੀ। ਭਾਰਤ ਦੇ ਇਸ ਫ਼ੈਸਲੇ ’ਤੇ ਪਾਕਿਸਤਾਨ ਦੀ ਸਖ਼ਤ ਪ੍ਰਤੀਕਿਰਿਆ ਆਈ ਸੀ। ਭਾਰਤ ਦਾ ਕਹਿਣਾ ਹੈ ਕਿ ਉਹ ਅਤਿਵਾਦ,  ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਪਾਕਿਸਤਾਨ ਨਾਲ ਆਮ ਗੁਆਂਢੀ ਵਾਂਗ ਰਿਸ਼ਤੇ ਰੱਖਣਾ ਚਾਹੁੰਦਾ ਹੈ। 

ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸ਼ਰੀਫ਼ ਨੇ ਕਿਹਾ ਕਿ ਵਪਾਰ, ਅਰਥਵਿਵਸਥਾ ਤੇ ਲੋਕਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਇਸਲਾਮਾਬਾਦ ਅਤੇ ਨਵੀਂ ਦਿੱਲੀ ਦਰਮਿਆਨ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮਲਾਵਰ ਨਹੀਂ ਹੈ, ਪਰ ਉਸ ਦੇ ਪ੍ਰਮਾਣੂ ਹਥਿਆਰ ਅਤੇ ਸਿਖਲਾਈ ਪ੍ਰਾਪਤ ਫ਼ੌਜ ਦੇਸ਼ ’ਤੇ ਹੋਣ ਵਾਲੇ ਕਿਸੇ ਵੀ ਹਮਲੇ ਦੀ ਰੋਕਥਾਮ ਲਈ ਹਨ। 

Add a Comment

Your email address will not be published. Required fields are marked *