ਬਠਿੰਡਾ ’ਚ ਵੱਡੀ ਵਾਰਦਾਤ, ਅੱਧੀ ਰਾਤ ਨੂੰ ਮਾਂ-ਪੁੱਤ ਦੀ ਬੇਰਹਿਮੀ ਨਾਲ ਵੱਢ ਟੁੱਕ

ਬਠਿੰਡਾ : ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਬਠਿੰਡਾ ਦੀ ਖੇਤਾ ਸਿੰਘ ਬਸਤੀ ‘ਚ ਮਾਂ-ਪੁੱਤ ‘ਤੇ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ ਤੇ ਮਾਂ ‘ਤੇ ਵਾਰ ਕਰਨ ਤੋਂ ਬਾਅਦ ਉਕਤ ਲੁਟੇਰਿਆਂ ਨੇ ਮੁੰਡੇ ‘ਤੇ ਵੀ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਜਾਇਆ ਗਿਆ , ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸਦੇ ਮੁੰਡੇ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਜਾਣਕਾਰੀ ਮੁਤਾਬਕ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਔਰਤ ਦੀ ਪਛਾਣ ਮਧੂਰਾਣੀ ਅਤੇ ਜ਼ਖ਼ਮੀ ਨੌਜਵਾਨ ਦੀ ਪਛਾਣ ਵਿਕਾਸ ਵਜੋਂ ਹੋਈ ਹੈ। ਦੱਸ ਦੇਈਏ ਕਿ ਦੋਵੇਂ ਮਾਂ-ਪੁੱਤ ਕਰਿਆਣੇ ਦੀ ਦੁਕਾਨ ਚਲਾਉਂਦੇ ਸਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਕਿਹੜੇ ਕਾਰਨਾਂ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਬਠਿੰਡਾ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਅਜਿਹੀ ਖੌਫ਼ਨਾਕ ਵਾਰਦਾਤ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Add a Comment

Your email address will not be published. Required fields are marked *