172 ਦੌੜਾਂ ਬਣਾ ਕੇ ਵੀ ਹਾਰੀ ਭਾਰਤੀ ਟੀਮ, ਆਸਟ੍ਰੇਲੀਆ ਨੇ 9 ਵਿਕਟਾਂ ਨਾਲ ਦਿੱਤੀ ਸ਼ਿਕਸਤ

ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਪਹਿਲੇ ਟੀ-20 ਮੈਚ ‘ਚ ਆਸਟ੍ਰੇਲੀਆਈ ਟੀਮ ਨੇ ਭਾਰਤੀ ਮਹਿਲਾ ਟੀਮ ਨੂੰ 9 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 172 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ‘ਚ ਬੇਥ ਮੂਨੀ ਦੀਆਂ 57 ਗੇਂਦਾਂ ‘ਚ 89 ਦੌੜਾਂ ਦੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ 19ਵੇਂ ਓਵਰ ‘ਚ ਜਿੱਤ ਹਾਸਲ ਕਰ ਲਈ। ਆਸਟ੍ਰੇਲੀਆ ਲਈ ਕਪਤਾਨ ਐਲੀਸਾ ਹੇਲੀ ਨੇ 23 ਗੇਂਦਾਂ ‘ਚ 37 ਦੌੜਾਂ ਅਤੇ ਤਾਹਿਲਾ ਮੈਕਗ੍ਰਾ ਨੇ 29 ਗੇਂਦਾਂ ‘ਚ 40 ਦੌੜਾਂ ਦਾ ਯੋਗਦਾਨ ਦਿੱਤਾ।

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਬੱਲੇਬਾਜ਼ਾਂ ਦੇ ਮਿਲੇ-ਜੁਲੇ ਪ੍ਰਦਰਸ਼ਨ ਕਾਰਨ ਪੰਜ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ ਸਨ। ਟੀਮ ਨੂੰ ਆਖਰੀ ਓਵਰਾਂ ‘ਚ ਰਿਸ਼ਾ ਘੋਸ਼ ਦੇ ਨਾਲ ਦੀਪਤੀ ਸ਼ਰਮਾ ਦੀ ਦਮਦਾਰ ਬੱਲੇਬਾਜ਼ੀ ਦਾ ਫਾਇਦਾ ਮਿਲਿਆ। ਦੋਵਾਂ ਨੇ ਆਖਰੀ 7 ਓਵਰਾਂ ਵਿਚ 85 ਦੌੜਾਂ ਬਣਾਈਆਂ ਅਤੇ ਸਕੋਰ ਨੂੰ 172 ਦੌੜਾਂ ਤਕ ਪਹੁੰਚਾਇਆ। ਰਿਸ਼ਾ ਨੇ 20 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ ਜਦਕਿ ਦੀਪਤੀ ਨੇ 15 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।

ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਰਹੀ। ਓਪਨਿੰਗ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਆਸਟਰੇਲੀਅਨ ਤੇਜ਼ ਗੇਂਦਬਾਜ਼ ਮੇਘਨ ਸਕਟ ਅਤੇ ਕਿਮ ਗਰਥ ‘ਤੇ ਵੱਡੇ ਸ਼ਾਟ ਲਗਾਏ। ਜਦੋਂ ਤੀਜੇ ਓਵਰ ਵਿਚ ਸ਼ੈਫਾਲੀ ਦੀ ਵਿਕਟ ਡਿੱਗੀ, ਉਦੋਂ ਤਕ ਭਾਰਤੀ ਟੀਮ 28 ਦੌੜਾਂ ਬਣਾ ਚੁੱਕੀ ਸੀ। ਸ਼ੈਫਾਲੀ ਨੇ 10 ਗੇਂਦਾਂ ਵਿਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਸਮ੍ਰਿਤੀ 22 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਜੇਮਿਮਾ ਰੌਡਰਿਗਜ਼ ਅੱਜ ਖਾਤਾ ਨਹੀਂ ਖੋਲ੍ਹ ਸਕੀ ਅਤੇ ਜ਼ੀਰੋ ‘ਤੇ ਆਊਟ ਹੋ ਗਈ।

ਟੀਮ ਇੰਡੀਆ ਨੂੰ ਕਪਤਾਨ ਹਰਮਨਪ੍ਰੀਤ ਕੌਰ ਦਾ ਸਾਥ ਮਿਲਿਆ ਜਿਸ ਨੇ 21 ਦੌੜਾਂ ਬਣਾਈਆਂ। ਪਰ ਹਰਮਨਪ੍ਰੀਤ ਦੀ ਵਿਕਟ ਉਸ ਸਮੇਂ ਡਿੱਗੀ ਜਦੋਂ ਟੀਮ ਨੂੰ ਦੌੜਾਂ ਬਣਾਉਣ ਦੀ ਲੋੜ ਸੀ। ਦੇਵਿਕਾ ਵੈਧਿਆ 25 ਦੌੜਾਂ ਬਣਾ ਕੇ ਅਜੇਤੂ ਰਹੀ ਪਰ ਰਿਸ਼ਾ ਅਤੇ ਦੀਪਤੀ ਨੇ ਵੱਡੇ ਸ਼ਾਟ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਆਸਟ੍ਰੇਲੀਆ ਲਈ ਐਲੀਸ ਪੇਰੀ ਨੇ 10 ਦੌੜਾਂ ‘ਤੇ ਦੋ ਵਿਕਟਾਂ, ਕਿਮ ਗਰਥ ਨੇ 27 ਦੌੜਾਂ ‘ਤੇ ਇਕ ਵਿਕਟ, ਐਸ਼ੇ ਨੇ 27 ਦੌੜਾਂ ‘ਤੇ ਇਕ ਵਿਕਟ ਅਤੇ ਸਦਰਲੈਂਡ ਨੇ 21 ਦੌੜਾਂ ‘ਤੇ ਇਕ ਵਿਕਟ ਲਈ।

Add a Comment

Your email address will not be published. Required fields are marked *