ਚੰਡੀਗੜ੍ਹ ‘ਚ ‘ਗੁਲਦਾਊਦੀ ਸ਼ੋਅ’ ਦਾ ਆਗਾਜ਼, ਫੁੱਲਾਂ ਨੂੰ ਦੇਖਣ ਲਈ ਲੋਕਾਂ ਦਾ ਆਇਆ ‘ਹੜ੍ਹ’

ਚੰਡੀਗੜ੍ਹ: ਫੁੱਲਾਂ ਦੇ ਨਾਂ ਨਾਲ ਮਸ਼ਹੂਰ ਸਿਟੀ ਬਿਊਟੀਫੁੱਲ ‘ਚ ਸ਼ਨੀਵਾਰ ਤਿੰਨ ਦਿਨਾਂ ਗੁਲਦਾਊਦੀ ਸ਼ੋਅ ਸ਼ੁਰੂ ਹੋ ਗਿਆ। ਸੰਸਦ ਮੈਂਬਰ ਕਿਰਨ ਖ਼ੇਰ ਨੇ ਇਸ ਫੁੱਲ ਸ਼ੋਅ ਦਾ ਉਦਘਾਟਨ ਕੀਤਾ। ਸੈਕਟਰ-33 ਟੈਰੇਸਡ ਗਾਰਡਨ ‘ਚ ਉਦਘਾਟਨ ਮੌਕੇ ਮੇਅਰ ਸਰਬਜੀਤ ਕੌਰ, ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ, ਡਿਪਟੀ ਮੇਅਰ ਅਨੂਪ ਗੁਪਤਾ ਅਤੇ ਇਲਾਕਾ ਕੌਂਸਲਰ ਅੰਜੂ ਕਤਿਆਲ ਸਮੇਤ ਨਿਗਮ ਦੇ ਅਧਿਕਾਰੀ ਹਾਜ਼ਰ ਸਨ। ਪ੍ਰਸਿੱਧ ਗਾਇਕ ਅਤੇ (ਸਵੱਛ ਭਾਰਤ ਮਿਸ਼ਨ) ਐੱਸ. ਬੀ. ਐੱਮ. ਚੰਡੀਗੜ੍ਹ ਦੇ ਬ੍ਰਾਂਡ ਅੰਬੈਸਡਰ ਕਨ੍ਹੱਈਆ ਮਿੱਤਲ ਨੇ ਵੀ ਸਮਾਗਮ ‘ਚ ਸ਼ਿਰਕੱਤ ਕੀਤੀ। ਦਿੱਲੀ ਪਬਲਿਕ ਸਕੂਲ, ਸੈਕਟਰ-40, ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਬੰਸਰੀ ’ਤੇ ਆਪਣੇ ਸੁਰੀਲੇ ਸੁਮੇਲ ਨਾਲ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਲਾਨਾ ਗੁਲਦਾਊਦੀ ਈਵੈਂਟ ਦੇ ਇਤਿਹਾਸ ‘ਚ ਪਹਿਲੀ ਵਾਰ ਨਗਰ ਨਿਗਮ ਨੇ ਇਸ ਨੂੰ ‘ਜ਼ੀਰੋ ਵੇਸਟ’ ਈਵੈਂਟ ਬਣਾਇਆ, ਇਸ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਦੀਆਂ ਵੱਖ-ਵੱਖ ਪਹਿਲ ਕਦਮੀਆਂ ਅਤੇ ਪ੍ਰਾਜੈਕਟਾਂ ਦੇ ਵੱਖ-ਵੱਖ ਸਟਾਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਸੰਸਦ ਮੈਂਬਰ ਚੰਡੀਗੜ੍ਹ ਨੇ ਸਵੱਛ ਭਾਰਤ ਮਿਸ਼ਨ ਸਮੇਤ ਸਾਰੇ ਸਟਾਲਾਂ ਦਾ ਦੌਰਾ ਕੀਤਾ, ਜਿੱਥੇ ਚਾਰ ਕਿਸਮਾਂ ਦੇ ਕੂੜੇ ਨੂੰ ਸਰੋਤ ਤੋਂ ਵੱਖ ਕਰ ਕੇ, ਬਾਗਬਾਨੀ ਦੀ ਖ਼ਾਦ, ਘਰੇਲੂ ਖ਼ਾਦ, ਸਫ਼ਾਈ ਮਿੱਤਰ, ਨਿਰਮਾਣ ਅਤੇ ਕੂੜਾ-ਕਰਕਟ ਨੂੰ ਵੱਖ ਕਰਨ ਲਈ ਜਾਗਰੂਕਤਾ ਪੈਦਾ ਕੀਤੀ ਗਈ। ‘ਅਰਪਣ’ ਦੇ ਬੈਨਰ ਹੇਠ ਨਗਰ ਨਿਗਮ ਦੇ ਸਹਾਇਤਾ ਪ੍ਰਾਪਤ ਸਵੈ-ਸਹਾਇਤਾ ਗਰੁੱਪ ਨੇ ਵੀ ਫੁੱਲਾਂ ਦੀ ਰਹਿੰਦ-ਖੂੰਹਦ ਤੋਂ ਸਟਿਕਸ ਅਤੇ ਹੋਰ ਚੀਜ਼ਾਂ ਬਣਾਉਣ ਦੀ ਆਪਣੀ ਵਿਲੱਖਣ ਪਹਿਲ ਕਦਮੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਨੇ ਸ਼ੋਅ ਨੂੰ ਸਮਰਪਿਤ ਇਕ ਬਰੋਸ਼ਰ ਰਿਲੀਜ਼ ਕੀਤਾ, ਜਿਸ ਨੂੰ ਇਸ ਵਾਰ ਕਲਾਤਮਕ ਢੰਗ ਨਾਲ ਤਿਆਰ ਕੀਤਾ ਗਿਆ ਹੈ। ਫਿਰ ਉਹ ਹੋਰ ਅਧਿਕਾਰੀਆਂ ਦੇ ਨਾਲ ਬਾਗ ਦੇ ਆਲੇ-ਦੁਆਲੇ ਘੁੰਮੇ ਅਤੇ ਉੱਥੇ ਪ੍ਰਦਰਸ਼ਿਤ ਵੱਖ-ਵੱਖ ਫੁੱਲਾਂ ਨੂੰ ਵੇਖਿਆ।

ਸੰਸਦ ਮੈਂਬਰ ਨੇ ਦੱਸਿਆ ਕਿ ਇਸ ਵਾਰ ਨਗਰ ਨਿਗਮ ਨੇ ਇਸ ਮੇਲੇ ਨੂੰ ਫੁੱਲਾਂ ਦੇ ਸ਼ੌਕੀਨਾਂ ਲਈ ਹੀ ਨਹੀਂ ਸਗੋਂ ਬੱਚਿਆਂ ਲਈ ਵੀ ‘ਕਿਡਜ਼ ਜ਼ੋਨ’ ਬਣਾ ਕੇ ਇਸ ਨੂੰ ‘ਜ਼ੀਰੋ ਵੇਸਟ ਫੈਸਟੀਵਲ’ ਵਜੋਂ ਕਰਵਾਉਣ ਦੀ ਯੋਜਨਾ ਬਣਾਈ ਹੈ, ਜਿਸ ਦਾ ਵੱਖਰਾ ਤਰੀਕਾ ਲੱਭਿਆ ਗਿਆ ਹੈ। ਇਸ ਵਾਰ ਫੈਸਟੀਵਲ ਵਿਚੋਂ ਇਕ ਵੀ ਕੂੜਾ-ਕਰਕਟ ਪੈਦਾ ਨਹੀਂ ਕੀਤਾ ਗਿਆ, ਜੋ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਕੇ ਮੁੜ ਵਰਤੋਂ ਯੋਗ ਜਾਂ ਰੀ-ਸਾਈਕਲ ਕਰਨ ਯੋਗ ਹਨ। ਉਨ੍ਹਾਂ ਇਸ ਤਿਉਹਾਰ ਨੂੰ ‘ਜ਼ੀਰੋ ਵੇਸਟ’ ਈਵੈਂਟ ਵਜੋਂ ਕਰਵਾਉਣ ਅਤੇ ਨਾ ਸਿਰਫ ਆਪਣੇ ਸਮਾਗਮਾਂ ਦੌਰਾਨ ਹੀ ਨਹੀਂ ਸਗੋਂ ਲੋਕਾਂ ਦੇ ਵਿਆਹਾਂ ‘ਚ ਵੀ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਨਿਗਮ ਅਧਿਕਾਰੀਆਂ ਦੀ ਟੀਮ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਨੇ ਇਹੋ ਜਿਹਾ ਖੂਬਸੂਰਤ ਸ਼ੋਅ ਕਰਵਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਿਗਮ ਦੇ ਵਰਕਰਾਂ ਅਤੇ ਬਾਗਬਾਨਾਂ ਨੂੰ ਮਠਿਆਈ ਵੀ ਵੰਡੀ। ਪਾਰਕ ਦਾ ਚੱਕਰ ਲਾਉਣ ਤੋਂ ਬਾਅਦ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੇ ਚੰਡੀਗੜ੍ਹ ਦੇ ਸੈਕਟਰ-33 ਟੈਰੇਸਡ ਗਾਰਡਨ ਵਿਖੇ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।

ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਸਾਲ 270 ਤੋਂ ਵੱਧ ਕਿਸਮਾਂ ਦੇ ਗੁਲਾਬ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਇਹ ਸਾਰੀਆਂ ਕਿਸਮਾਂ ਐੱਮ. ਸੀ. ਸੀ. ਨਰਸਰੀ ‘ਚ ਉਗਾਈਆਂ ਅਤੇ ਤਿਆਰ ਕੀਤੀਆਂ ਜਾਂਦੀਆਂ ਹਨ। ਬਾਗਬਾਨੀ ਵਿਭਾਗ, ਐੱਮ. ਸੀ. ਸੀ. ਬਾਗਬਾਨਾਂ ਨੇ ਫੁੱਲਾਂ ਤੋਂ ਕਿਸ਼ਤੀ, ਊਠ, ਮੋਰ, ਗਊਆਂ, ਜ਼ਿਰਾਫ, ਸ਼ੇਰ ਅਤੇ ਹੋਰ ਬਹੁਤ ਸਾਰੇ ਜਾਨਵਰ ਅਤੇ ਪੰਛੀ ਬਣਾਏ ਹਨ। ਸ਼ੋਅ ਵਿਚ ਗੁਲਦਾਊਦੀ ਦੇ ਸੁੰਦਰ ਪ੍ਰਦਰਸ਼ਨ ਨੇ ਚੰਡੀਗੜ੍ਹ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਿਚ ਮਦਦ ਕੀਤੀ ਹੈ।

Add a Comment

Your email address will not be published. Required fields are marked *