ਵਿਦੇਸ਼ ‘ਚ ਪੰਜਾਬੀ ਨੌਜਵਾਨ ਦਾ ਕਤਲ, ਸ਼ਾਜਿਸ ਦਾ ਹੋਇਆ ਖੁਲਾਸਾ

ਸਿੱਧਵਾਂ ਬੇਟ- ਜਗਰਾਓਂ ਨੇੜਲੇ ਪਿੰਡ ਗਾਲਿਬ ਖੁਰਦ ਦੇ ਇਕ 23 ਸਾਲਾ ਨੌਜਵਾਨ ਦਾ ਮਲੇਸ਼ੀਆ ‘ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਕਾਤਲਾਂ ਨੇ ਇਸ ਨੂੰ ਕੁਦਰਤੀ ਹਾਦਸਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵੱਲੋਂ ਹੁਸ਼ਿਆਰੀ ਨਾਲ ਚਾਚੇ ਸਮੇਤ 8 ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਇਕ ਮਲੇਸ਼ੀਅਨ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਡੇਢ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਮਲੇਸ਼ੀਆ ਗਿਆ ਸੀ। ਮ੍ਰਿਤਕ ਦੇ ਭਰਾ ਸੁਖਮਿੰਦਰ ਸਿੰਘ ਤੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੂੰ ਮਲੇਸ਼ੀਆ ‘ਚ ਸੱਦਣ ਵਾਲੇ ਚਾਚੇ ਜਗਦੇਵ ਸਿੰਘ ਨੇ ਪੈਸਿਆਂ ਦੇ ਲਾਲਚ ਵਿਚ ਆ ਕੇ ਹੀ ਇਕ ਮਲੇਸ਼ੀਅਨ ਸਮੇਤ 9 ਵਿਅਕਤੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਹਾਲਾਂਕਿ ਮਾਰਨ ਵਾਲਾ ਉਸ ਦਾ ਸਕਾ ਚਾਚਾ ਨਹੀਂ, ਪਰ ਇੱਕੋ ਪਿੰਡ ਦੇ ਹੋਣ ਕਾਰਨ ਉਸ ਨੂੰ ਮ੍ਰਿਤਕ ਸਮੇਤ ਸਾਰੇ ਭੈਣ-ਭਰਾ ਚਾਚਾ ਆਖਦੇ ਸਨ। ਪਿਛਲੇ ਡੇਢ ਸਾਲ ਤੋਂ ਜਸਪ੍ਰੀਤ ਸਿੰਘ ਦੀ ਸਾਰੀ ਮਿਹਨਤ, ਮਜ਼ਦੂਰੀ ਦੀ ਕਮਾਈ ਉਸ ਦੇ ਚਾਚੇ ਜਗਦੇਵ ਸਿੰਘ ਕੋਲ ਹੀ ਸੀ। 

ਬੀਤੀ 1 ਦਸੰਬਰ ਦੀ ਰਾਤ ਨੂੰ ਜਗਦੇਵ ਸਿੰਘ ਨੇ ਇਕ ਮਲੇਸ਼ੀਅਨ ਅਤੇ 7 ਹੋਰ ਉਸ ਦੇ ਨਾਲ ਰਹਿੰਦੇ ਪੰਜਾਬੀ ਨੌਜਵਾਨਾਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਅਨੁਸਾਰ ਕਾਤਲਾਂ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ ਕਿ ਉਨ੍ਹਾਂ ਨੇ ਪੈਸਿਆਂ ਦੇ ਲਾਲਚ ਵਿਚ ਆਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਤਲ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ, ਪੂਰੇ ਪਿੰਡ ਤੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰ ਤੇ ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਜਸਪ੍ਰੀਤ ਦੀ ਲਾਸ਼ ਨੂੰ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *