ਲੁਧਿਆਣਾ ‘ਚ ਹਵਾਲਾਤੀਆਂ ਦਾ ਕਾਰਨਾਮਾ, ਜੇਲ੍ਹ ਦੀ ਬੱਸ ‘ਚ ਬੈਠੇ ਪੁਲਸ ਮੁਲਾਜ਼ਮਾਂ ਨੂੰ ਧੱਕਾ ਮਾਰ ਬਾਹਰ ਕੁੱਦੇ

ਲੁਧਿਆਣਾ : ਅਦਾਲਤ ਤੋਂ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਜੇਲ੍ਹ ਜਾ ਰਹੀ ਬੱਸ ’ਚੋਂ 2 ਹਵਾਲਾਤੀ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਬਾਹਰ ਕੁੱਦ ਗਏ। ਜਦੋਂ ਤੱਕ ਪੁਲਸ ਮੁਲਾਜ਼ਮ ਮੁੜ ਸਰਗਰਮ ਹੁੰਦੇ, ਇਕ ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ, ਜਦੋਂਕਿ ਦੂਜੇ ਨੂੰ ਪਿੱਛਾ ਕਰ ਕੇ ਪੁਲਸ ਨੇ ਫੜ੍ਹ ਲਿਆ। ਫ਼ਰਾਰ ਮੁਲਜ਼ਮ ਦੀਪਕ ਕੁਮਾਰ ਉਰਫ਼ ਦੀਪੂ ਹੈ, ਜਦੋਂ ਕਿ ਫੜ੍ਹਿਆ ਗਿਆ ਮੁਲਜ਼ਮ ਹਰਜਿੰਦਰ ਸਿੰਘ ਹੈ। ਦੋਵੇਂ ਹੀ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਸਨ। ਸੂਚਨਾ ਤੋਂ ਬਾਅਦ ਥਾਣਾ ਕੋਤਵਾਲੀ ਅਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਪੁੱਜ ਗਈ। ਘਟਨਾ ਥਾਣਾ ਡਵੀਜ਼ਨ ਨੰ. 2 ਦੇ ਇਲਾਕੇ ਦੀ ਸੀ। ਇਸ ਲਈ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਤੋਂ ਸ਼ੁੱਕਰਵਾਰ ਨੂੰ ਬੱਸ (ਪੀ. ਬੀ. 10 ਐੱਫ. ਐੱਫ 3696) ਜੇਲ ’ਚੋਂ ਅਦਾਲਤ ਪੇਸ਼ੀ ਲਈ ਹਵਾਲਾਤੀਆਂ ਨੂੰ ਲੈ ਕੇ ਆਈ ਸੀ।

ਬੱਸ ’ਚ ਵੱਖ-ਵੱਖ ਕੇਸਾਂ ਨਾਲ ਸਬੰਧਿਤ ਕੁੱਲ 37 ਹਵਾਲਾਤੀ ਸਨ। ਅਦਾਲਤ ‘ਚ ਪੇਸ਼ੀ ਤੋਂ ਬਾਅਦ ਸਾਰੇ ਹਵਾਲਾਤੀਆਂ ਨੂੰ ਬੱਸ ’ਚ ਬਿਠਇਆ ਗਿਆ, ਜਿਸ ਤੋਂ ਬਾਅਦ ਸ਼ਾਮ ਨੂੰ ਪੁਲਸ ਮੁਲਾਜ਼ਮ ਬੱਸ ਲੈ ਕੇ ਅਦਾਲਤ ਤੋਂ ਜੇਲ੍ਹ ਵੱਲ ਰਵਾਨਾ ਹੋਏ। ਜਦੋਂ ਬੱਸ ਜਗਰਾਓਂ ਪੁਲ ਤੋਂ ਥੱਲੇ ਉਤਰ ਕੇ ਯੂ-ਟਰਨ ਲੈ ਰਹੀ ਸੀ ਤਾਂ ਅਚਾਨਕ ਪਹਿਲਾਂ ਭੱਜਣ ਦੀ ਯੋਜਨਾ ਬਣਾਈ ਬੈਠੇ ਮੁਲਜ਼ਮ ਦੀਪਕ ਕੁਮਾਰ ਅਤੇ ਹਰਜਿੰਦਰ ਸਿੰਘ ਨੇ ਭੱਜਦੇ ਹੋਏ ਗੇਟ ਨੂੰ ਧੱਕਾ ਮਾਰਿਆ। ਫਿਰ ਮੁਲਾਜ਼ਮ ਨੂੰ ਧੱਕਾ ਦੇ ਕੇ ਚਲਦੀ ਬੱਸ ’ਚੋਂ ਥੱਲੇ ਕੁੱਦ ਗਏ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਭੱਜਣ ਲੱਗ ਗਏ। ਬੱਸ ਤੋਂ ਉੱਤਰ ਕੇ ਤੁਰੰਤ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਦੂਰ ਜਾ ਕੇ ਪੁਲਸ ਨੇ ਹਰਜਿੰਦਰ ਸਿੰਘ ਨੂੰ ਦਬੋਚ ਲਿਆ ਪਰ ਦੀਪਕ ਕੁਮਾਰ ਸ਼ਾਤਰ ਨਿਕਲਿਆ, ਜੋ ਜੇ. ਐੱਮ. ਡੀ. ਮਾਲ ਦੇ ਕੋਲ ਸਥਿਤ ਗਲੀਆਂ ਦਾ ਫ਼ਾਇਦਾ ਚੁੱਕਦਿਆਂ ਹੋਏ ਫ਼ਰਾਰ ਹੋ ਗਿਆ। ਹਰਜਿੰਦਰ ਸਿੰਘ ਨੂੰ ਫੜ੍ਹ ਕੇ ਪੁਲਸ ਬੱਸ ’ਚ ਲੈ ਆਈ। ਫਿਰ ਉਹ ਬੱਸ ਲੈ ਕੇ ਵਾਪਸ ਜੇਲ੍ਹ ਪਰਤ ਗਈ। ਉੱਥੇ ਜੇਲ ਸੁਪਰੀਡੈਂਟ ਨੂੰ ਸਾਰੀ ਘਟਨਾ ਤੋਂ ਜਾਣੂੰ ਕਰਵਾਇਆ ਗਿਆ ਅਤੇ ਸਬੰਧਿਤ ਥਾਣੇ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ।

ਥਾਣਾ ਡਵੀਜ਼ਨ ਨੰਬਰ-2 ਦੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਦਾ ਕਹਿਣਾ ਹੈ ਕਿ ਦੋਵੇਂ ਹੀ ਮੁਲਜ਼ਮ ਬਹੁਤ ਸ਼ਾਤਰ ਸਨ। ਦੀਪਕ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-1 ‘ਚ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਸੀ। ਜਦੋਂਕਿ ਹਰਜਿੰਦਰ ਸਿੰਘ ਨੂੰ ਐੱਸ. ਟੀ. ਐੱਫ. ਟੀਮ ਨੇ ਕਾਬੂ ਕੀਤਾ ਸੀ। ਦੋਵਾਂ ਦੇ ਕਬਜ਼ੇ ’ਚੋਂ ਕਮਰਸ਼ੀਅਲ ਕੁਆਂਟਿਟੀ ’ਚ ਨਸ਼ਾ ਬਰਾਮਦ ਹੋਇਆ ਸੀ। ਦੋਵੇਂ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਭੱਜਣ ਲੱਗੇ, ਜਿਸ ‘ਚ ਇਕ ਮੁਲਜ਼ਮ ਨੂੰ ਪੁਲਸ ਨੇ ਫੜ੍ਹ ਲਿਆ ਪਰ ਦੂਜਾ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਹੁਣ ਜੇਲ੍ਹ ਦੇ ਏ. ਐੱਸ. ਆਈ. ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *