ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਪਟਿਆਲਾ, 25 ਮਾਰਚ: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਹੁਣ ਪਟਿਆਲਾ ਵਿੱਚ ਨਜ਼ਰ ਆਇਆ ਹੈ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਕਲਿੱਪ ਵਿਚਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੇ ਪੈਂਟਕੋਟ ਪਹਿਨਿਆ ਹੋਇਆ ਅਤੇ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਹਨ। ਉਸ ਦੇ ਨਾਲ ਇੱਕ ਹੋਰ ਨੌਜਵਾਨ ਹੈ, ਜੋ ਉਸ ਦਾ ਸਾਥੀ ਪਪਲਪ੍ਰ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਦੋਵੇਂ ਇੱਥੇ ਸਰਹਿੰਦ ਰੋਡ ’ਤੇ ਸਥਿਤ ਇੱਕ ਕਲੋਨੀ ’ਚ ਪਰਵਾਸੀ ਭਾਰਤੀ ਦੀ ਕੋਠੀ ਵਿੱਚ ਠਹਿਰਦੇ ਹਨ। ਉੁਸ ਦੀ ਰਿਸ਼ਤੇਦਾਰ ਔਰਤ ਇਸ ਕੋਠੀ ਵਿੱਚ ਇਕੱਲੀ ਹੀ ਰਹਿੰਦੀ ਹੈ। ਉਹ ਵੀ ਵੀਡੀਓ ਕਲਿੱਪ ’ਚ ਨਜ਼ਰ ਆ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਇਸੇ ਔਰਤ ਦੀ ਸਕੂਟੀ ਰਾਹੀਂ ਅੰਮ੍ਰਿਤਪਾਲ ਤੇ ਉਸ ਦਾ ਸਾਥੀ ਸ਼ਾਹਬਾਦ ਸਥਿਤ ਬਲਜੀਤ ਕੌਰ ਦੇ ਘਰ ਪੁੱਜੇ ਸਨ। ਦੱਸਿਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਇਨ੍ਹਾਂ ਦੀ ਠਹਿਰ ਬਣੇ ਪਟਿਆਲਾ ਦੇ ਇਸੇ ਇਲਾਕੇ ਦੇ ਇੱਕ ਹੋਰ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਵੀਡੀਓ ਕਲਿੱਪ ਵਿਚ ਬਿਲਕੁਲ ਅੰਮ੍ਰਿਤਪਾਲ ਵਰਗੇ ਜਾਪਦੇ ਲੰਬੇ ਕੱਦ ਵਾਲੇ ਪਤਲੇ ਸਰੀਰ ਦੇ ਨੌਜਵਾਨ ਨੇ ਜਿਥੇ ਕੰਨ ’ਤੇ ਮੋਬਾਈਲ ਫੋਨ ਲਾਇਆ ਹੋਇਆ ਹੈ, ਉਥੇ ਹੀ ਉਹ ਰੁਮਾਲ ਨਾਲ ਚਿਹਰਾ ਢਕਦਾ ਨਜ਼ਰ ਆ ਰਿਹਾ ਹੈ। ਇਸੇ ਵੀਡੀਓ ’ਚ ਮਧਰੇ ਕੱਦ ਵਾਲਾ ਇੱਕ ਹੋਰ ਨੌਜਵਾਨ ਪਪਲਪ੍ਰੀਤ ਸਿੰਘ ਵਰਗਾ ਜਾਪਦਾ ਹੈ। ਇਸ ਤਰ੍ਹਾਂ ਦੀਆਂ ਵੀ ਰਿਪੋਰਟਾਂ ਹਨ ਕਿ ਹਰਿਆਣਾ ਦੀ ਇੱਕ ਔਰਤ ਨੇ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਇਹ ਸਕੂਟੀ ਪਟਿਆਲਾ ਸਥਿਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਛੱਡੀ ਸੀ। ਪਟਿਆਲਾ ਪਹੁੰਚਣ ’ਤੇ ਹਰਿਆਣਾ ਦੀ ਇਸ ਔਰਤ ਨੇ ਜਦੋਂ ਦਿੱਤੇ ਗਏ ਨੰਬਰ ’ਤੇ ਫੋਨ ਕੀਤਾ ਤਾਂ ਅੱੱਗੋਂ ਵੀ ਔਰਤ ਹੀ ਬੋਲੀ ਸੀ। ਉਸ ਨੇ ਸਕੂਟੀ ਲੈਣ ਲਈ ਗੁਰਦੁਆਰਾ ਸਾਹਿਬ ਨੇੜੇ ਪੁੱਜਣ ਲਈ ਕਿਹਾ ਸੀ। ਉਸ ਦੇ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਹਰਿਆਣਾ ਤੋਂ ਆਈ ਔਰਤ ਸਕੂਟੀ ਛੱਡ ਕੇ ਵਾਪਸ ਚਲੀ ਗਈ। ਦੱਸਣਾ ਬਣਦਾ ਹੈ ਇਹ ਸਬੰਧਤ ਕੋਠੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਕੁਝ ਹੀ ਫਾਸਲੇ ’ਤੇ ਸਥਿਤ ਹੈ। ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਪੁਲੀਸ ਨੇ ਇਸ ਕੋਠੀ ’ਚ ਰਹਿ ਰਹੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਂਜ ਪਟਿਆਲਾ ਪੁਲੀਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਬੰਧੀ ਕਿਸੇ ਤੱਥ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਚੁੱਪੀ ਧਾਰੀ ਹੋਈ ਹੈ। 

Add a Comment

Your email address will not be published. Required fields are marked *