ਅੱਤਵਾਦੀ ਲੰਡਾ ਦੇ ਸੱਜੇ ਹੱਥ ਰਵੀ ਬਲਾਚੌਰੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਪੁਲਸ

ਫਿਲੌਰ : ਵਿਦੇਸ਼ ’ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਅੰਮ੍ਰਿਤਸਰ ਜੇਲ੍ਹ ’ਚ ਬੰਦ ਰਵੀ ਬਲਾਚੌਰੀਆ ਨੂੰ ਫਿਲੌਰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਥਾਣੇ ਲੈ ਕੇ ਆਈ। ਰਵੀ ਬਲਾਚੌਰੀਆ ਨੇ ਹੀ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਬਾਹਰ ਬੈਠੇ ਸ਼ੂਟਰਾਂ ਨੂੰ ਪੰਜਾਬ ਦੇ 6 ਵਿਅਕਤੀਆਂ ਨੂੰ ਮਰਵਾਉਣ ਲਈ ਹਥਿਆਰ ਦਿਵਾਏ ਸਨ। ਲੰਡਾ ਦੇ ਹੋਰ ਕਿਹੜੇ ਸਾਥੀ ਬਾਹਰ ਹਨ, ਉਹ ਉਸ ਦੇ ਨਿਰਦੇਸ਼ ’ਤੇ ਅੱਗੇ ਕੀ ਯੋਜਨਾਵਾਂ ਬਣਾ ਰਹੇ ਹਨ। ਮੌਜੂਦਾ ਸਮੇਂ ਵਿਚ ਉਹ ਕਿਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਹਨ, ਪੁਲਸ ਰਵੀ ਬਲਾਚੌਰੀਆ ਤੋਂ ਸਖਤੀ ਨਾਲ ਰਾਜ਼ ਉਗਲਵਾਏਗੀ।

ਵਿਦੇਸ਼ ’ਚ ਬੈਠੇ ਖਤਰਨਾਕ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਸਭ ਤੋਂ ਨੇੜਲੇ ਮੰਨੇ ਜਾਣ ਵਾਲੇ ਰਵੀ ਬਲਚੌਰੀਆ ਜੋ ਅੰਮ੍ਰਿਤਸਰ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਲੰਡਾ ਨਾਲ ਸੰਪਰਕ ਸਾਧ ਕੇ ਉਸ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਬਾਹਰ ਬੈਠੇ ਆਪਣੇ ਸ਼ੂਟਰਾਂ ਨੂੰ ਕੰਮ ਨੂੰ ਅੰਜਾਮ ਦੇਣ ਲਈ ਕਹਿ ਦਿੰਦਾ ਸੀ। ਰਵੀ ਬਲਾਚੌਰੀਆ ਤੋਂ ਪੁੱਛਗਿੱਛ ਕਰਨ ਲਈ ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅੰਮ੍ਰਿਤਸਰ ਜੇਲ੍ਹ ਤੋਂ ਥਾਣੇ ਲੈ ਆਏ ਹਨ। ਜਿੱਥੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਫੜੇ ਗਏ ਸ਼ੂਟਰਾਂ ਨੂੰ ਰਵੀ ਬਲਾਚੌਰੀਆ ਦੇ ਸਾਹਮਣੇ ਬਿਠਾ ਕੇ ਸਾਰੇ ਰਹੱਸ ਉਗਲਵਾਏਗੀ, ਜੋ ਉਸ ਦੇ ਦਿਮਾਗ ’ਚ ਚੱਲ ਰਹੇ ਹਨ।

ਤਿੰਨ ਦਿਨ ਪਹਿਲਾਂ ਹੀ ਸਥਾਨਕ ਪੁਲਸ ਦੇ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਅੱਤਵਾਦੀ ਲੰਡਾ ਦੇ ਸ਼ੂਟਰਾਂ ਨੂੰ ਭਾਰੀ ਮਾਤਰਾ ’ਚ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ’ਚ ਤਿੰਨੋ ਸ਼ੂਟਰਾਂ ਨੇ ਦੱਸਿਆ ਸੀ ਕਿ ਪੰਜਾਬ ਵਿਚ 6 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਖੱਤਰੀ ਗੈਂਗ ਤੋਂ ਆਪਣਾ ਬਦਲਾ ਲੈਣ ਲਈ ਬਹੁਤ ਵੱਡੀ ਖੂਨੀ ਖੇਡ ਖੇਡਣੀ ਸੀ। ਇਸ ਦੇ ਲਈ ਉਹ ਲੰਡਾ ਦੇ ਸੁਨੇਹੇ ਦਾ ਇੰਤਜ਼ਾਰ ਕਰ ਰਹੇ ਸਨ। ਜੇ ਸਮੇਂ ਸਿਰ ਪੁਲਸ ਇਨ੍ਹਾਂ ਨੂੰ ਨਾ ਫੜਦੀ ਤਾਂ ਪੰਜਾਬ ਦਾ ਮਾਹੌਲ ਹੋਰ ਵੀ ਖਰਾਬ ਹੋਣਾ ਸੀ।

ਅੰਮ੍ਰਿਤਸਰ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਰਵੀ ਬਲਾਚੌਰੀਆ ਹਰ ਸਮੇਂ ਆਪਣੇ ਆਕਾ ਵਿਦੇਸ਼ ’ਚ ਬੈਠੇ ਅੱਤਵਾਦੀ ਲੰਡਾ ਦੇ ਸੰਪਰਕ ’ਚ ਰਹਿੰਦਾ ਸੀ, ਜਦੋਂਕਿ ਲੰਡਾ ਵਿਦੇਸ਼ ’ਚ ਬੈਠਾ ਪੰਜਾਬ ’ਚ ਆਪਣੇ ਗੈਂਗ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਦਾ ਸੀ। ਫੜੇ ਗਏ ਤਿੰਨੋਂ ਸ਼ੂਟਰਾਂ ਨੇ ਖੁਲਾਸਾ ਕੀਤਾ ਕਿ ਲੰਡਾ ਨੇ ਪੰਜਾਬ ’ਚ 6 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਇਲਾਵਾ ਰੁਪਏ ਇਕੱਠੇ ਕਰਨ ਲਈ ਰਵੀ ਨੂੰ ਅਗਵਾ, ਫਿਰੌਤੀ ਅਤੇ ਵੱਡੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਨਿਰਦੇਸ਼ ਵੀ ਦਿੱਤੇ। ਇਨ੍ਹਾਂ ਕੰਮਾਂ ਦੇ ਲਈ ਉਨ੍ਹਾਂ ਨੇ ਹਥਿਆਰਾਂ ਦੀ ਮੰਗ ਕੀਤੀ ਤਾਂ ਰਵੀ ਨੇ ਜੇਲ੍ਹ ’ਚ ਬੈਠੇ ਹੀ ਪਟਿਆਲਾ ਜੇਲ੍ਹ ਵਿਚ ਬੰਦ ਗੈਂਗਸਟਰ ਰਾਜਬੀਰ ਕੌਸ਼ਲ ਨਾਲ ਸੰਪਰਕ ਬਣਾਇਆ, ਜਿਸ ਨੇ ਉਨ੍ਹਾਂ ਨੂੰ ਮੇਰਠ ਤੋਂ 7 ਪਿਸਤੌਲ, 2 ਰਿਵਾਲਵਰ ਗੈਂਗ ਦੇ ਆਦਮੀ ਨੂੰ ਕਹਿ ਕੇ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੇ।

ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦਾ ਬਣ ਚੁੱਕੀਆਂ ਹਨ ਮਹਿਫੂਜ਼ ਟਿਕਾਣਾ

ਪੰਜਾਬ ’ਚ ਆਏ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਮੌਤ ਦੇ ਘਾਟ ਉਤਾਰ ਕੇ ਜਾਂ ਤਾਂ ਫਰਾਰ ਹੋ ਜਾਂਦੇ ਹਨ ਅਤੇ ਜੋ ਫੜੇ ਜਾਂਦੇ ਹਨ, ਪੁਲਸ ਉਨ੍ਹਾਂ ਨੂੰ ਜੇਲ ਭੇਜ ਦਿੰਦੀ ਹੈ। ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦਾ ਸਭ ਤੋਂ ਮਿਹਫੂਜ਼ ਟਿਕਾਣਾ ਬਣ ਗਈਆਂ ਹਨ, ਜਿੱਥੇ ਬੈਠੇ ਗੈਂਗਸਟਰ ਮੋਬਾਇਲ ਫੋਨ ਰਾਹੀਂ ਬਾਹਰ ਬੈਠੇ ਆਪਣੇ ਸਾਥੀਆਂ ਤੋਂ ਵੱਡੇ ਤੋਂ ਵੱਡਾ ਕੰਮ ਕਰਵਾ ਰਹੇ ਹਨ ਅਤੇ ਕੰਮ ਹੋਣ ਤੋਂ ਬਾਅਦ ਜੇਲ੍ਹ ’ਚ ਬੈਠੇ ਉਸ ਦੀ ਸੋਸ਼ਲ ਮੀਡੀਆ ’ਤੇ ਜ਼ੰਮੇਵਾਰੀ ਵੀ ਲੈ ਰਹੇ ਹਨ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫੜੇ ਜਾਣ ਤੋਂ ਬਾਅਦ ਜਾਂ ਫਿਰ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਨੂੰ ਰਿਮਾਂਡ ’ਤੇ ਲਿਆਉਣ ਅਤੇ ਲਿਜਾਣ ਲਈ ਅੱਜ ਕੱਲ ਜੋ ਵੀ. ਵੀ. ਆਈ. ਪੀ. ਕਲਚਰ ਅਪਣਾਇਆ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਗਲਤ ਹੈ। ਇਸ ਨਾਲ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਵੱਲ ਖਿੱਚੀ ਜਾਂਦੀ ਹੈ ਅਤੇ ਆਮ ਜਨਤਾ ’ਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਇਸ ਦਾ ਸਭ ਤੋਂ ਬੁਰਾ ਅਸਰ ਥਾਣੇ ’ਚ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਵੀ ਪੈ ਰਿਹਾ ਹੈ, ਜੋ ਉਨ੍ਹਾਂ ਨਾਲ ਸਖਤੀ ਨਾਲ ਪੇਸ਼ ਆਉਣ ਤੋਂ ਝਿਜਕਦੇ ਹਨ। ਉਨ੍ਹਾਂ ਨੇ ਸਾਫ ਤੌਰ ’ਤੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਤੋਂ ਰਿਮਾਂਡ ’ਤੇ ਲਿਆਉਣ ਅਤੇ ਲਿਜਾਣ ’ਚ ਜਿੱਥੇ ਲੱਖਾਂ ਰੁਪਏ ਦਾ ਖਰਚ ਆਇਆ, ਉੱਥੇ ਗੈਂਗਸਟਰ ਦੀ ਸੁਰੱਖਿਆ ਲਈ ਆਧੁਨਿਕ ਤਕਨੀਕ ਨਾਲ ਲੈਸ ਉਨ੍ਹਾਂ ਬੁਲੇਟ ਪਰੂਫ ਗੱਡੀਆਂ ਵੀ ਵਰਤੋਂ ਕੀਤੀ, ਜੋ ਮੁੱਖ ਮੰਤਰੀ ਜਾਂ ਫਿਰ ਡੀ. ਜੀ. ਪੀ. ਦੇ ਕਾਫਿਲੇ ’ਚ ਚਲਦੀਆਂ ਹਨ।

Add a Comment

Your email address will not be published. Required fields are marked *