ਪੰਜਾਬ ਦੇ ਹਿੰਦੂ ਆਗੂਆਂ ਨੇ ਵਾਪਸ ਕੀਤੀ ਸਕਿਓਰਿਟੀ, ਬਿਨਾਂ ਗੰਨਮੈਨਾਂ ਦੇ ਗੱਡੀਆਂ ਲੈ ਕੇ ਨਿਕਲੇ

ਲੁਧਿਆਣਾ : ਸ਼ਿਵ ਸੈਨਾ ਆਗੂਆਂ ਦੀ ਬਿਆਨਬਾਜ਼ੀ ਤੋਂ ਬਾਅਦ ਆਮ ਕਰ ਕੇ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਗੰਨਮੈਨ ਲੈਣ ਲਈ ਅਜਿਹੇ ਭੜਕਾਊ ਬਿਆਨ ਦੇ ਰਹੇ ਹਨ ਪਰ ਸ਼ਹਿਰ ਦੇ ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਉਹ ਕੱਟੜਪੰਥੀਆਂ ਦੇ ਖ਼ਿਲਾਫ਼ ਬੋਲਦੇ ਹਨ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਇਸ ਲਈ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਪੁਲਸ ਕਮਿਸ਼ਨਰ ਦਫ਼ਤਰ ਆਪਣੇ ਗੰਨਮੈਨ ਵਾਪਸ ਕਰਨ ਲਈ ਪੁੱਜੇ। ਉਨ੍ਹਾਂ ਨਾਲ ਅਮਰ ਟੱਕਰ, ਮਨੋਜ ਟਿੰਕੂ, ਗੌਤਮ, ਸੂਦ, ਰਜਿੰਦਰ ਸਿੰਘ ਭਾਟੀਆ ਵੀ ਗੰਨਮੈਨ ਵਾਪਸ ਕਰਨ ਲਈ ਪੁੱਜੇ।

ਇੱਥੇ ਉਨ੍ਹਾਂ ਨੇ ਨਵ-ਨਿਯੁਕਤ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਅਤੇ ਇਕੱਲੇ ਹੀ ਦਫ਼ਤਰ ਤੋਂ ਬਾਹਰ ਨਿਕਲ ਗਏ। ਹਾਲਾਂਕਿ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਆਗੂਆਂ ਦਾ ਪਿੱਛਾ ਨਹੀਂ ਛੱਡਿਆ ਪਰ ਸ਼ਿਵ ਸੈਨਾ ਆਗੂ ਉਨ੍ਹਾਂ ਨੂੰ ਧੋਖਾ ਦੇ ਕੇ ਇਕੱਲੇ ਹੀ ਆਪਣੀਆਂ ਗੱਡੀਆਂ ਲੈ ਕੇ ਨਿਕਲ ਗਏ, ਜਦੋਂ ਕਿ ਸੁਰੱਖਿਆ ਮੁਲਾਜ਼ਮ, ਜੋ ਡਿਊਟੀ ’ਤੇ ਲੱਗੇ ਹਨ, ਸ਼ਿਵ ਸੈਨਿਕਾਂ ਨੂੰ ਲੱਭ ਰਹੇ ਹਨ ਤਾਂ ਕਿ ਆਪਣੀ ਡਿਊਟੀ ਕਰ ਸਕਣ।

ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਬੁਲਾਰੇ ਚੰਦਰ ਕਾਂਤ ਚੱਢਾ ਨੇ ਦੱਸਿਆ ਕਿ ਜੇਕਰ ਕੋਈ ਸ਼ਿਵ ਸੈਨਿਕ ਧਰਮ ਦੀ ਗੱਲ ਕਰਦਾ ਹੈ ਜਾਂ ਫਿਰ ਕੱਟੜਪੰਥੀਆਂ ਦੇ ਖ਼ਿਲਾਫ਼ ਬੋਲਦਾ ਹੈ ਤਾਂ ਸਾਰੇ ਕਹਿੰਦੇ ਹਨ ਕਿ ਸੁਰੱਖਿਆ ਲਈ ਉਹ ਸਭ ਕੁੱਝ ਕਰਦਾ ਹੈ ਪਰ ਉਹ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਆਪਣੇ ਸਮਾਜ ਅਤੇ ਧਰਮ ਲਈ ਕੰਮ ਕਰਦੇ ਸਨ। ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਚੰਦਰ ਕਾਂਤ ਚੱਢਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਸ਼ੁੱਕਰਵਾਰ ਨੂੰ ਚਾਰ ਹੋਰ ਸਾਥੀਆਂ ਨੇ ਸਰਕਾਰੀ ਸੁਰੱਖਿਆ ਵਾਪਸ ਕੀਤੀ ਹੈ।

Add a Comment

Your email address will not be published. Required fields are marked *