ਆਸਟ੍ਰੇਲੀਆ ਦੀ ਇੰਡੋਨੇਸ਼ੀਆ ਨੂੰ ਅਪੀਲ, ਕਿਹਾ- ਬਾਲੀ ਅੱਤਵਾਦੀ ਹਮਲਿਆਂ ਦੇ ਦੋਸ਼ੀ ‘ਤੇ ਰੱਖੇ ਨਜ਼ਰ

ਕੈਨਬਰਾ– ਆਸਟ੍ਰੇਲੀਆ ਦੀ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਇੰਡੋਨੇਸ਼ੀਆ ਨੂੰ ਇਹ ਯਕੀਨੀ ਬਣਾਉਣ ਲਈ ਅਪੀਲ ਕਰੇਗੀ ਕਿ ਉਹ 2002 ਦੇ ਬਾਲੀ ਅੱਤਵਾਦੀ ਹਮਲਿਆਂ ਵਿੱਚ ਵਰਤੇ ਗਏ ਬੰਬ ਬਣਾਉਣ ਦੇ ਦੋਸ਼ੀ ਵਿਅਕਤੀ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ‘ਤੇ ਨਜ਼ਰ ਰੱਖੇ। ਇਸਲਾਮਿਕ ਅੱਤਵਾਦੀ ਹਿਸਾਮ ਬਿਨ ਅਲੀਜ਼ਿਨ ਉਰਫ਼ ਉਮਰ ਪਾਟੇਕ ਨੂੰ ਆਸਟ੍ਰੇਲੀਆ ਦੇ ਸਖ਼ਤ ਇਤਰਾਜ਼ ਦੇ ਬਾਵਜੂਦ ਬੁੱਧਵਾਰ ਨੂੰ ਪੈਰੋਲ ਦੇ ਦਿੱਤੀ ਗਈ। ਇਸ ਮਾਮਲੇ ‘ਚ ਉਸ ਨੂੰ 20 ਸਾਲ ਦੀ ਸਜ਼ਾ ਹੋਈ ਹੈ, ਜਿਸ ‘ਚੋਂ ਉਸ ਨੇ ਹੁਣ ਤੱਕ ਸਿਰਫ ਅੱਧੀ ਸਜ਼ਾ ਕੱਟੀ ਹੈ। 

ਬਾਲੀ ਵਿਚ ਹੋਏ ਉਸ ਅੱਤਵਾਦੀ ਹਮਲੇ ਵਿਚ 88 ਆਸਟ੍ਰੇਲੀਆਈ ਨਾਗਰਿਕਾਂ ਸਮੇਤ 202 ਲੋਕ ਮਾਰੇ ਗਏ ਸਨ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਬਹੁਤ ਦੁਖਦਾਈ ਦਿਨ ਹੈ, ਜਿਨ੍ਹਾਂ ਨੇ ਹਮਲੇ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਉਸਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਉਸਦੀ ਸਰਕਾਰ ਪਾਟੇਕ ਦੀ ਜਲਦੀ ਰਿਹਾਈ ਦੇ ਵਿਰੁੱਧ ਆਵਾਜ ਉਠਾਏਗੀ ਅਤੇ ਇੰਡੋਨੇਸ਼ੀਆ ਦੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਉਸਦੀ ਪੈਰੋਲ ਦੌਰਾਨ ਉਸਦੀ ਨੇੜਿਓਂ ਨਿਗਰਾਨੀ ਕੀਤੀ ਜਾਵੇ। 

ਇੰਡੋਨੇਸ਼ੀਆਈ ਅਧਿਕਾਰੀਆਂ ਨੇ ਕਿਹਾ ਕਿ ਪਾਟੇਕ (55) ਨੇ ਜੇਲ੍ਹ ਵਿੱਚ ਚੰਗਾ ਵਿਵਹਾਰ ਕੀਤਾ ਸੀ ਅਤੇ ਉਹ ਹੋਰ ਅੱਤਵਾਦੀਆਂ ਨੂੰ ਅੱਤਵਾਦੀ ਕਾਰਵਾਈਆਂ ਤੋਂ ਬਚਣ ਲਈ ਪ੍ਰੇਰਿਤ ਕਰਨ ਲਈ ਆਪਣੀ ਮਿਸਾਲ ਦੀ ਵਰਤੋਂ ਕਰੇਗਾ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ’ਨੀਲ ਨੇ ਕਿਹਾ ਕਿ ਇਹ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਖਦਾਈ ਦਿਨ ਹੈ। ਕਲੇਅਰ ਨੇ ਕੈਨਬਰਾ ਵਿੱਚ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ ਕਿ “ਇਹ ਆਦਮੀ ਇੰਡੋਨੇਸ਼ੀਆਈ ਨਿਆਂ ਪ੍ਰਣਾਲੀ ਦੇ ਅਧੀਨ ਹੈ। ਮੈਂ ਨਿੱਜੀ ਤੌਰ ‘ਤੇ ਮੰਨਦਾ ਹਾਂ ਕਿ ਉਸ ਦਾ ਇਹ ਕੰਮ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਮੁਆਫ਼ ਕਰਨਯੋਗ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਇੰਡੋਨੇਸ਼ੀਆ ਦੀ ਨਿਆਂ ਪ੍ਰਣਾਲੀ ‘ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਅਤੇ ਇਸ ਤਰ੍ਹਾਂ ਦੁਨੀਆ ਚੱਲਦੀ ਹੈ। 

ਪਾਟੇਕ ਅੱਤਵਾਦੀ ਸੰਗਠਨ ਜੇਮਾਹ ਇਸਲਾਮੀਆ ਦਾ ਮੈਂਬਰ ਸੀ ਜਿਸ ਨੂੰ ਕੁਟਾ ਬੀਚ ‘ਤੇ ਦੋ ਨਾਈਟ ਕਲੱਬਾਂ ‘ਚ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਪੱਛਮੀ ਜਕਾਰਤਾ ਦੀ ਜ਼ਿਲ੍ਹਾ ਅਦਾਲਤ ਨੇ ਉਸਨੂੰ ਇੱਕ ਕਾਰ ਬੰਬ ਬਣਾਉਣ ਵਿੱਚ ਮਦਦ ਕਰਨ ਦਾ ਦੋਸ਼ੀ ਪਾਇਆ, ਜਿਸਦੀ ਵਰਤੋਂ ਇੱਕ ਵਿਅਕਤੀ ਦੁਆਰਾ 12 ਅਕਤੂਬਰ 2002 ਦੀ ਰਾਤ ਨੂੰ ਕੁਟਾ ਵਿੱਚ ਸਾਰੀ ਕਲੱਬ ਦੇ ਬਾਹਰ ਧਮਾਕਾ ਕਰਨ ਲਈ ਕੀਤੀ ਗਈ ਸੀ। ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ, ਇੱਕ ਆਤਮਘਾਤੀ ਹਮਲਾਵਰ ਨੇ ਨੇੜਲੇ ਇੱਕ ਨਾਈਟ ਕਲੱਬ ਵਿੱਚ ਇੱਕ ਛੋਟੇ ਬੈਗ ਵਿਚ ਰੱਖੇ ਬੰਬ ਵਿਚ ਵਿਸਫੋਟ ਕੀਤਾ ਸੀ।

Add a Comment

Your email address will not be published. Required fields are marked *