ਕੈਨੇਡਾ ‘ਚ ਹੁਣ ਬਾਲਗ ਆਪਣੇ ਕੋਲ ਰੱਖ ਸਕਣਗੇ ਕੋਕੀਨ ਤੇ ਹੈਰੋਈਨ, ਨਹੀਂ ਹੋਵੇਗੀ ਗ੍ਰਿਫ਼ਤਾਰੀ

ਬ੍ਰਿਟਿਸ਼ ਕੋਲੰਬੀਆ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥਾਂ ਦੀ ਥੋੜ੍ਹੀ ਮਾਤਰਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਵਾਲਾ ਦੇਸ਼ ਵਿਚ ਪਹਿਲਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਹੁਣ 31 ਜਨਵਰੀ 2023 ਤੋਂ ਬਾਲਗ 2.5 ਗ੍ਰਾਮ ਤੱਕ ਮੋਰਫਿਨ, ਮੇਥਾਮਫੇਟਾਮਾਈਨ, ਫੈਂਟਾਨਾਇਲ ਵਰਗੇ ਨਸ਼ੀਲੇ ਪਦਾਰਥ ਆਪਣੇ ਕੋਲ ਰੱਖ ਸਕਦੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ

ਕੈਨੇਡਾ ਦੀ ਫੈਡਰਲ ਸਰਕਾਰ ਨੇ ਤਿੰਨ ਸਾਲਾਂ ਦੇ ਪ੍ਰਯੋਗ ਨੂੰ ਅਜ਼ਮਾਉਣ ਲਈ ਬ੍ਰਿਟਿਸ਼ ਕੋਲੰਬੀਆ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਹੈ। ਇਸ ਪਾਇਲਟ ਪ੍ਰੋਜੈਕਟ ਦੇ ਲਾਂਚ ਤੋਂ ਪਹਿਲਾਂ, ਬ੍ਰਿਟਿਸ਼ ਕੋਲੰਬੀਆ ਅਤੇ ਸੰਘੀ ਅਧਿਕਾਰੀਆਂ ਨੇ ਨਿਯੰਤਰਿਤ ਡਰੱਗਜ਼ ਅਤੇ ਸਬਸਟੈਂਸ ਐਕਟ ਤੋਂ ਸੰਘੀ ਤੌਰ ‘ਤੇ ਪ੍ਰਵਾਨਿਤ ਛੋਟ ਲੈ ਕੇ ਨਿਯਮਾਂ ਦੀ ਰੂਪਰੇਖਾ ਤਿਆਰ ਕੀਤੀ। ਹਾਲਾਂਕਿ ਇਹ ਪਦਾਰਥ ਗ਼ੈਰ-ਕਾਨੂੰਨੀ ਰਹਿਣਗੇ ਪਰ ਜਿਨ੍ਹਾਂ ਬਾਲਗਾਂ ਕੋਲ 2.5 ਗ੍ਰਾਮ ਤੋਂ ਘੱਟ ਨਸ਼ੀਲੇ ਪਦਾਰਥ ਪਾਏ ਜਾਣਗੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ‘ਤੇ ਕੋਈ ਦੋਸ਼ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੋਲ ਮੌਜੂਦ ਨਸ਼ੀਲੇ ਪਦਾਰਥ ਵੀ ਜ਼ਬਤ ਨਹੀਂ ਕੀਤੇ ਜਾ ਸਕਣਗੇ।

ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੇ ਫੈਡਰਲ ਮੰਤਰੀ ਕੈਰੋਲਿਨ ਬੇਨੇਟ ਨੇ ਸੋਮਵਾਰ ਨੂੰ ਇਸ ਕਦਮ ਨੂੰ “ਡਰੱਗਜ਼ ਦੀ ਨੀਤੀ ਵਿੱਚ ਇੱਕ ਮਹੱਤਵਪੂਰਣ ਤਬਦੀਲੀ” ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ 2016 ਵਿੱਚ ਨਸ਼ੀਲੇ ਪਦਾਰਥਾਂ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਲਗਭਗ 10,000 ਨਿਵਾਸੀਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ।  ਸੂਬੇ ਦੇ ਹਜ਼ਾਰਾਂ ਪੁਲਸ ਅਧਿਕਾਰੀਆਂ ਨੂੰ ਨਿਯਮ ਬਦਲਣ ‘ਤੇ ਸਿਖਲਾਈ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿੱਚ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਵੈਨਕੂਵਰ ਵੀ ਸ਼ਾਮਲ ਹੈ। ਇਹ ਪ੍ਰੋਗਰਾਮ 31 ਜਨਵਰੀ 2023 ਤੋਂ 31 ਜਨਵਰੀ 2026 ਤੱਕ ਚੱਲੇਗਾ। 

Add a Comment

Your email address will not be published. Required fields are marked *