ਬੰਗਲਾਦੇਸ਼ ਨੇ ਆਖਰੀ 5 ਓਵਰਾਂ ‘ਚ ਭਾਰਤੀ ਗੇਂਦਬਾਜ਼ਾਂ ਦਾ ਚਾੜ੍ਹਿਆ ਰੱਜ ਕੇ ਕੁਟਾਪਾ

ਬੰਗਲਾਦੇਸ਼ ਖਿਲਾਫ ਦੂਜੇ ਵਨਡੇ ਦੌਰਾਨ ਭਾਰਤੀ ਗੇਂਦਬਾਜ਼ੀ ਦੀ ਪੋਲ ਖੁੱਲ੍ਹ ਗਈ। ਬੰਗਲਾਦੇਸ਼ ਦੇ ਕਮਜ਼ੋਰ ਬੱਲੇਬਾਜ਼ਾਂ ਨੇ ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ ਅਤੇ ਅਕਸ਼ਰ ਪਟੇਲ ਵਰਗੇ ਗੇਂਦਬਾਜ਼ ਦਾ ਰੱਜ ਕੇ ਕੁਟਾਪਾ ਚਾੜਿਆ ਤੇ ਤੇ ਭਾਰਤੀ ਗੇਂਦਬਾਜ਼ ਇਨ੍ਹਾਂ ਨੂੰ ਪਵੇਲੀਅਨ ‘ਚ ਭੇਜਣ ‘ਚ ਪੂਰੀ ਤਰ੍ਹਾਂ ਅਸਫਲ ਦਿਖੇ। ਇਸ ਦੇ ਨਾਲ ਹੀ ਸੀਨੀਅਰ ਗੇਂਦਬਾਜ਼ਾਂ ਦੀ ਕਮੀ ਵੀ ਮਹਿਸੂਸ ਹੋਈ। ਦਰਅਸਲ, ਇਕ ਸਮੇਂ ਬੰਗਲਾਦੇਸ਼ ਦੀਆਂ 6 ਵਿਕਟਾਂ 69 ਦੌੜਾਂ ‘ਤੇ ਡਿੱਗ ਚੁੱਕੀਆਂ ਸਨ। ਲੱਗਦਾ ਸੀ ਕਿ ਬੰਗਲਾਦੇਸ਼ 100 ਦੌੜਾਂ ‘ਤੇ ਆਊਟ ਹੋ ਜਾਵੇਗਾ, ਪਰ ਇਸ ਤੋਂ ਬਾਅਦ ਮੇਹਦੀ ਹਸਨ ਨੇ ਅਜੇਤੂ 100 ਦੌੜਾਂ ਬਣਾਈਆਂ ਜਦਕਿ ਮਹਿਮੂਦੁੱਲਾ ਦੀਆਂ 77 ਦੌੜਾਂ ਦੀ ਮਦਦ ਨਾਲ ਉਨ੍ਹਾਂ ਨੇ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ‘ਤੇ 271 ਦੌੜਾਂ ਬਣਾ ਲਈਆਂ।

19ਵੇਂ ਓਵਰ ਦੀ ਆਖਰੀ ਗੇਂਦ ‘ਤੇ ਭਾਰਤ ਨੇ 6 ਵਿਕਟਾਂ ਝਟਕਾਈਆਂ ਸਨ ਪਰ ਇਸ ਤੋਂ ਬਾਅਦ ਮਹਿਮੂਦੁੱਲ੍ਹਾ ਅਤੇ ਮੇਹਦੀ ਹਸਨ ਨੇ ਭਾਰਤੀ ਗੇਂਦਬਾਜ਼ਾਂ ਦੇ ਪਸੀਨੇ ਵਹਾ ਦਿੱਤੇ। ਦੋਵਾਂ ਨੇ ਪਹਿਲਾਂ ਤਾਂ ਸਾਵਧਾਨੀ ਨਾਲ ਖੇਡਣਾ ਸ਼ੁਰੂ ਕੀਤਾ ਪਰ ਆਖਰੀ ਸਮੇਂ ‘ਤੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਅਜਿਹਾ ਸਕੋਰ ਖੜ੍ਹਾ ਹੋਇਆ, ਜਿਸ ਦੀ ਉਮੀਦ ਨਹੀਂ ਸੀ। ਦੋਵਾਂ ਵਿਚਾਲੇ 7ਵੀਂ ਵਿਕਟ ਲਈ 148 ਦੌੜਾਂ ਦੀ ਸਾਂਝੇਦਾਰੀ ਹੋਈ ਤੇ ਟੀਮ ਦਾ ਸਕੋਰ 46.1 ਓਵਰਾਂ ‘ਚ 217 ਦੌੜਾਂ ‘ਤੇ ਪਹੁੰਚ ਗਿਆ। ਪਰ ਆਖਰੀ 5 ਓਵਰਾਂ ‘ਚ ਮੇਹਦੀ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਬੰਗਲਾਦੇਸ਼ ਨੇ ਆਖਰੀ 5 ਓਵਰਾਂ ‘ਚ 1 ਵਿਕਟ ਗੁਆ ਦਿੱਤੀ, ਪਰ ਨਾਲ ਹੀ 68 ਦੌੜਾਂ ਵੀ ਜੋੜੀਆਂ। ਹਸਨ ਨੇ 83 ਗੇਂਦਾਂ ‘ਚ 8 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ, ਜਦਕਿ ਨਸੁਮ ਅਹਿਮਦ ਨੇ 11 ਗੇਂਦਾਂ ‘ਚ ਨਾਬਾਦ 18 ਦੌੜਾਂ ਬਣਾਈਆਂ।

ਸਿਰਾਜ ਨੇ ਲੁਟਾਈਆਂ ਸਭ ਤੋਂ ਵੱਧ ਦੌੜਾਂ 

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਦੌੜਾਂ ਲੁਟਾਈਆਂ। ਉਸ ਨੇ ਪਹਿਲਾਂ ਸਲਾਮੀ ਜੋੜੀ ਨੂੰ ਪਵੇਲੀਅਨ ਭੇਜਣ ਦਾ ਕੰਮ ਕੀਤਾ, ਪਰ 2 ਵਿਕਟਾਂ ਲੈਣ ਤੋਂ ਬਾਅਦ ਉਸ ਨੂੰ ਮੁੜ ਸਫਲਤਾ ਨਹੀਂ ਮਿਲੀ। ਸਿਰਾਜ 10 ਓਵਰਾਂ ਵਿੱਚ 73 ਦੌੜਾਂ ਦੇ ਕੇ ਸਭ ਤੋਂ ਮਹਿੰਗਾ ਗੇਂਦਬਾਜ਼ ਸਾਬਤ ਹੋਇਆ। ਇਸ ਦੇ ਨਾਲ ਹੀ ਸ਼ਾਰਦੁਲ ਨੇ 47 ਦੌੜਾਂ ਦਿੱਤੀਆਂ ਪਰ ਵਿਕਟ ਨਹੀਂ ਲੈ ਸਕੇ। ਉਮਰਾਨ ਮਲਿਕ ਨੇ ਵੀ ਪਹਿਲੇ 5 ਓਵਰਾਂ ‘ਚ ਤਬਾਹੀ ਮਚਾਈ ਪਰ ਆਖਰੀ 5 ਓਵਰਾਂ ‘ਚ ਉਸ ਦਾ ਵੀ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਿਆ ਗਿਆ। ਉਸ ਨੇ 2 ਵਿਕਟਾਂ ਲਈਆਂ ਅਤੇ 58 ਦੌੜਾਂ ਦਿੱਤੀਆਂ। ਅਕਸ਼ਰ ਪਟੇਲ ਵੀ 7 ਓਵਰਾਂ ‘ਚ ਬਿਨਾਂ ਕੋਈ ਵਿਕਟ ਲਏ 47 ਦੌੜਾਂ ਦੇ ਕੇ ਖਾਸ ਸਾਬਤ ਨਹੀਂ ਹੋਏ।

Add a Comment

Your email address will not be published. Required fields are marked *