40 ਲੱਖ ਤੋਂ ਸ਼ੁਰੂ ਹੁੰਦੈ ‘ਵਾਰਮਬਲੱਡ’ ਘੋੜੇ ਦਾ ਮੁੱਲ, ਸਰਕਾਰ ਦੇ ਇਸ ਫੈਸਲੇ ਨਾਲ ਵਾਜਬ ਕੀਮਤ ‘ਚ ਮਿਲਣਗੇ ਘੋੜੇ

ਨਵੀਂ ਦਿੱਲੀ– ਭਾਰਤੀ ਘੋੜਸਵਾਰੀ ਸੰਘ (ਈ. ਐੱਫ. ਆਈ.) ਦੇ ਜਨਰਲ ਸਕੱਤਰ ਕਰਨਲ ਜਯਵੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ‘ਵਾਰਮਬਲੱਡ’ ਨਸਲ ਦੇ ਘੋੜਿਆਂ ’ਤੇ ਦਰਾਮਦ ਟੈਕਸ ਖਤਮ ਕਰਨ ਦੇ ਫੈਸਲੇ ਨਾਲ ਦੇਸ਼ ਦੇ ਐਥਲੀਟ ਸਹੀ ਮੁੱਲ ਵਿਚ ਬਿਹਤਰ ਘੋੜੇ ਖਰੀਦ ਸਕਣਗੇ, ਜਿਸ ਨਾਲ ਇਸ ਖੇਡ ਦਾ ਪੱਧਰ ਸੁਧਰਨ ਵਿਚ ਮਦਦ ਮਿਲੇਗੀ।

‘ਵਾਰਮਬਲੱਡ’ ਨਸਲ ਦੇ ਘੋੜੇ ਮੁੱਖ ਤੌਰ ’ਤੇ ਯੂਰਪ ਵਿਚ ਹੁੰਦੇ ਹਨ ਤੇ ਉਹ ਘੋੜਸਵਾਰੀ ਖੇਡ ਵਿਚ ਡ੍ਰੈਸੇਜ, ਸ਼ੋ ਜੰਪਿੰਗ ਤੇ ਇਵੈਂਟਿੰਗ ਪ੍ਰਤੀਯੋਗਿਤਾ ਵਿਚ ਚੰਗਾ ਕਰਨ ਲਈ ਬੇਹੱਦ ਚੰਗੇ ਹੁੰਦੇ ਹਨ ਜਦਕਿ ਭਾਰਤੀ ਨਸਲ ‘ਕਾਠਿਆਵਾੜੀ’ ਉਸਦੀ ਤੁਲਨਾ ਵਿਚ ਕਾਫੀ ਘੱਟ ਹੁੰਦੇ ਹਨ।

‘ਵਾਰਮਬਲੱਡ’ ਦੀ ਕੀਮਤ 40 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੀ ਦਰਾਮਦ ’ਤੇ 30 ਫੀਸਦੀ ਬੇਸ ਕਸਟਮ ਡਿਊਟੀ, 12 ਫੀਸਦੀ ਦਾ ਏਕੀਕ੍ਰਿਤ ਵਸਤੂਆਂ ਅਤੇ ਸੇਵਾਵਾਂ ਟੈਕਸ (ਆਈ.ਜੀ. ਐੱਸ.ਟੀ.) ਅਤੇ 10 ਫੀਸਦੀ ਦਾ ਸਮਾਜ ਭਲਾਈ ਸਰਚਾਰਜ ਲੱਗਦਾ ਹੈ। ਇਸ ਨਾਲ 40 ਲੱਖ ਰੁਪਏ ਘੋੜੇ ਦੀ ਕੀਮਤ ਅਸਲੀਅਤ ਵਿਚ 61 ਲੱਖ ਰੁਪਏ ਪਵੇਗੀ ਤੇ ਜੇਕਰ ਆਵਾਜ਼ਾਈ ਲਾਗਤ ਵੀ ਜੋੜ ਦਿੱਤੀ ਜਾਵੇ ਤਾਂ ਇਹ ਤਕਰੀਬਨ 1 ਕਰੋੜ ਰੁਪਏ ਦੇ ਨੇੜੇ ਪੈਂਦਾ ਹੈ। ਸਿੰਘ ਦੇ ਅਨੁਸਾਰ ਇਸ ਛੋਟ ਨਾਲ ਘੋੜੇ ਦੀ ਕੀਮਤ ਹੁਣ 52 ਫੀਸਦੀ ਘੱਟ ਹੋ ਜਾਵੇਗੀ।

ਈ. ਐੱਫ. ਆਈ. 2020 ਤੋਂ ‘ਵਾਰਮਬਲੱਡ’ ਘੋੜਿਆਂ ਦੀ ਦਰਾਮਦ ’ਤੇ ਟੈਕਸ ਹਟਾਉਣ ਦੀ ਮੰਗ ਕਰ ਰਿਹਾ ਸੀ ਤੇ ਬੁੱਧਵਾਰ ਨੂੰ ਸਰਕਾਰ ਨੇ 2 ਫਰਵਰੀ 2023 ਤੋਂ ਇਸ ਨੂੰ ਮੁਆਫ ਕਰਨ ਦਾ ਐਲਾਨ ਕੀਤਾ। ਹਾਲਾਂਕਿ ਇਹ ਛੋਟੇ ਸਾਲਾਨਾ ਬਜਟ ਵਿਚ ਪੰਜ ਸਾਲ ਲਈ ਮਨਜ਼ੂਰ ਕੀਤੀ ਗਈ ਹੈ।

Add a Comment

Your email address will not be published. Required fields are marked *