ਲੈਜੇਂਡ ਜੈਜ਼ੀ ਬੀ ਨੇ ਮੂਸੇਵਾਲਾ ਬਾਰੇ ਆਖੀ ਇਹ ਗੱਲ, ਸੁਣ ਲੋਕਾਂ ਦੀਆਂ ਅੱਖਾਂ ‘ਚ ਆਏ ਹੰਝੂ

ਜਲੰਧਰ : ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬੀ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਸੀ। ਹਾਲੇ ਤੱਕ ਇੰਡਸਟਰੀ ‘ਚ ਕਈ ਅਜਿਹੇ ਕਲਾਕਾਰ ਹਨ, ਜੋ ਮੂਸੇਵਾਲਾ ਦੀ ਮੌਤ ਦੇ ਗਮ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। 29 ਨਵੰਬਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਪੰਜਾਬੀ ਇੰਡਸਟਰੀ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ।

ਹੁਣ ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਜੈਜ਼ੀ ਬੀ ਨੇ ਸਿੱਧੂ ਮੂਸੇਵਾਲਾ ਬਾਰੇ ਬਿਆਨ ਦਿੱਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਬਰਿੱਟ ਏਸ਼ੀਆ ਨੂੰ ਦਿੱਤੇ ਇੰਟਰਵਿਊ ‘ਚ ਜੈਜ਼ੀ ਬੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸਟਾਰ ਨਹੀਂ, ਸੁਪਰਸਟਾਰ ਸੀ। ਸਟਾਰਜ਼ ਤਾਂ ਹਰ 10 ਸਾਲ ਬਾਅਦ ਆਉਂਦੇ ਰਹਿੰਦੇ ਹਨ ਪਰ ਸੁਪਰਸਟਾਰ 100 ਸਾਲਾਂ ‘ਚ ਕੋਈ ਇੱਕ ਆਉਂਦਾ ਹੈ। ਮਹਿਜ਼ 28 ਸਾਲ ਦੀ ਉਮਰ ‘ਚ ਉਸ ਨੇ ਜੋ ਪ੍ਰਾਪਤੀਆਂ ਹਾਸਲ ਕੀਤੀਆਂ, ਉਹ ਅਦਭੁਤ ਹਨ। ਇੰਨਾਂ ਹੀ ਨਹੀਂ ਉਸ ਨੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਦੁਨੀਆ ‘ਚ ਮਸ਼ਹੂਰ ਕੀਤਾ। ਇਹ ਸ਼ਰਮਨਾਕ ਗੱਲ ਹੈ ਕਿ ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਦਰਦਨਾਕ ਅੰਤ ਹੋਇਆ ਪਰ ਸਾਨੂੰ ਮੂਸੇਵਾਲਾ ਨੂੰ ਦਿਲ ‘ਚ ਵਸਾ ਕੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਅਤੇ ਉਸ ਲਈ ਇਨਸਾਫ਼ ਦੀ ਮੰਗ ਕਰਨੀ ਚਾਹੀਦੀ ਹੈ। 

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਾਲੇ ਤੱਕ ਪਰਿਵਾਰ ਤੇ ਚਾਹੁਣ ਵਾਲੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ‘ਚ ਮੂਸੇਵਾਲਾ ਕਤਲ ਕੇਸ ‘ਚ ਵੱਡੀ ਅਪਡੇਟ ਸਾਹਮਣੇ ਆਈ ਸੀ ਕਿ ਗੋਲਡੀ ਬਰਾੜ ਗ੍ਰਿਫ਼ਤਾਰ ਹੋ ਗਿਆ ਹੈ, ਪਰ ਉਸ ਦੀ ਗ੍ਰਿਫ਼ਤਾਰੀ ਹਾਲੇ ਵੀ ਸ਼ੱਕ ਦੇ ਘੇਰੇ ‘ਚ ਬਣੀ ਹੋਈ ਹੈ।

Add a Comment

Your email address will not be published. Required fields are marked *