ਗੱਡੀ ਤੈਅ ਸਮੇਂ ’ਤੇ ਠੀਕ ਨਾ ਕਰਨ ਨੂੰ ਲੈ ਕੇ ਨੌਜਵਾਨ ਨੇ ਮਕੈਨਿਕ ’ਤੇ ਚਲਾਈ ਗੋਲ਼ੀ

ਬਠਿੰਡਾ : ਮਾਨਸਾ ਰੋਡ ’ਤੇ ਸਥਿਤ ਇਕ ਵਰਕਸ਼ਾਪ ’ਚ ਸੋਮਵਾਰ ਸਵੇਰੇ ਇਕ ਨੌਜਵਾਨ ਨੇ ਆਪਣੇ ਰਿਵਾਲਵਰ ਨਾਲ ਮਕੈਨਿਕ ’ਤੇ ਗੋਲ਼ੀ ਚਲਾ ਦਿੱਤੀ ਪਰ ਰਿਵਾਲਵਰ ਦੇ ਹਿੱਲਣ ਕਾਰਨ ਗੋਲੀ ਹਵਾ ’ਚ ਚੱਲ ਗਈ, ਜਿਸ ਦੇ ਚੱਲਦਿਆਂ ਮਕੈਨਿਕ ਮੱਖਣ ਸਿੰਘ ਵਾਲ-ਵਾਲ ਬਚ ਗਿਆ। ਗੋਲ਼ੀ ਚਲਾਉਣ ਦਾ ਕਾਰਨ ਮਕੈਨਿਕ ਵੱਲੋਂ ਗੱਡੀ ਤੈਅ ਸਮੇਂ ’ਤੇ ਠੀਕ ਨਾ ਕਰਨਾ ਦੱਸਿਆ ਜਾ ਰਿਹਾ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਥਾਣਾ ਕੈਨਾਲ ਦੀ ਪੁਲਸ ਨੇ ਨੌਜਵਾਨ ਜਗਦੀਪ ਸਿੰਘ ਨੂੰ ਹਿਰਾਸਤ ’ਚ ਲੈ ਕੇ ਚੈਕਿੰਗ ਦੌਰਾਨ ਉਸ ਕੋਲੋਂ ਇਕ ਰਿਵਾਲਵਰ ਅਤੇ ਤਿੰਨ ਗ੍ਰਾਮ ਚਿੱਟਾ ਬਰਾਮਦ ਕੀਤਾ। ਪੁਲਸ ਨੇ ਮਕੈਨਿਕ ਮੱਖਣ ਸਿੰਘ ਦੇ ਬਿਆਨ ’ਤੇ ਨੌਜਵਾਨ ਜਗਦੀਪ ਸਿੰਘ ਖ਼ਿਲਾਫ਼ ਇਰਾਦਾਤਨ ਕਤਲ ਅਤੇ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੋਮਵਾਰ ਸ਼ਾਮ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਜਗਦੀਪ ਸਿੰਘ ਨਾਮੀ ਨੌਜਵਾਨ ਨੇ ਆਪਦੀ ਗੱਡੀ ਨੂੰ ਠੀਕ ਕਰਨ ਲਈ ਮਾਨਸਾ ਰੋਡ ’ਤੇ ਸਥਿਤ ਐੱਸ.ਪੀ. ਮੋਟਰਸ ਦੀ ਵਰਕਸ਼ਾਪ ’ਚ ਲਗਾਇਆ ਸੀ, ਜਿੱਥੇ ਮਕੈਨਿਕ ਨੇ ਉਕਤ ਗੱਡੀ 30 ਨਵੰਬਰ ਨੂੰ ਤੈਅ ਸਮੇਂ ’ਤੇ ਠੀਕ ਕਰਕੇ ਜਗਦੀਪ ਨੂੰ ਦੇਣੀ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਜਗਦੀਪ ਗੱਡੀ ਲੈਣ ਲਈ ਪਹੁੰਚਿਆ ਤਾਂ ਗੱਡੀ ਠੀਕ ਨਹੀਂ ਹੋਈ ਸੀ, ਜਿਸ ਦਾ ਕਾਰਨ ਮਕੈਨਿਕ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਸਨ, ਜਿਸ ਕਾਰਨ ਗੱਡੀ ਦੀ ਰਿਪੇਅਰ ਨਹੀਂ ਕਰਵਾਈ ਗਈ। ਡੀ.ਐੱਸ.ਪੀ. ਨੇ ਦੱਸਿਆ ਕਿ ਜਦੋਂ ਅੱਜ ਨੌਜਵਾਨ ਗੱਡੀ ਲੈਣ ਲਈ ਪਹੁੰਚਿਆ ਤਾਂ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਗੱਡੀ ਠੀਕ ਨਹੀਂ ਹੈ ਤਾਂ ਉਸ ਨੇ ਵਰਕਸ਼ਾਪ ਦੇ ਕਾਮਿਆਂ ਅਤੇ ਮਕੈਨਿਕ ਮੱਖਣ ਸਿੰਘ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਆਪਣੇ 32 ਬੋਰ ਦੇ ਰਿਵਾਲਵਰ ਨਾਲ ਮਕੈਨਿਕ ’ਤੇ  ਸਿੱਧੀ ਗੋਲ਼ੀ ਚਲਾਉਣ ਲੱਗਾ ਤਾਂ ਹੱਥ ਹਿੱਲਣ ਕਾਰਨ ਫਾਇਰ ਹਵਾ ’ਚ ਹੋ ਗਿਆ ਸੀ।

ਡੀ.ਐੱਸ.ਪੀ. ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਮਕੈਨਿਕ ਨੇ ਪੁਲਸ ਨੂੰ ਸੂਚਿਤ ਕੀਤਾ ਤਾਂ ਮੌਕੇ ’ਤੇ ਪਹੁੰਚੀ ਥਾਣਾ ਕੈਨਾਲ ਦੀ ਪੁਲਸ ਨੇ ਨੌਜਵਾਨ ਜਗਦੀਪ ਸਿੰਘ ਨੂੰ ਹਿਰਾਸਤ ’ਚ ਲੈ ਕੇ ਉਸ ਕੋਲੋਂ 32 ਬੋਰ ਦਾ ਰਿਵਾਲਵਰ ਅਤੇ ਚੈਕਿੰਗ ਦੌਰਾਨ 3 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਮਕੈਨਿਕ ਮੱਖਣ ਸਿੰਘ ਦੇ ਬਿਆਨ ’ਤੇ ਨੌਜਵਾਨ ਜਗਦੀਪ ਸਿੰਘ ਖ਼ਿਲਾਫ਼ ਇਰਾਦਾਤਨ ਕਤਲ ਅਤੇ ਨਸ਼ਾ ਤਸਕਰੀ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਮੰਗਲਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Add a Comment

Your email address will not be published. Required fields are marked *