ਕਾਂਗਰਸ ਨੇ ਮੋਦੀ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਲਾਇਆ ਦੋਸ਼
![](http://mehakewattan.com/wp-content/uploads/2022/12/2022_12largeimg_463506890.jpg)
ਨਵੀਂ ਦਿੱਲੀ, 5 ਦਸੰਬਰ– :ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਵੋਟਿੰਗ ਸਮੇਂ ਰੋਡ ਸ਼ੋਅ ਕੀਤਾ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਇਹ ਦਾਅਵਾ ਵੀ ਕੀਤਾ ਕਿ ਚੋਣ ਕਮਿਸ਼ਨ ਖਾਮੋਸ਼ ਹੈ ਕਿਉਂਕਿ ਉਹ ‘ਡਰਿਆ’ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਅਜਿਹੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਕਾਨੂੰਨੀ ਕਦਮ ਉਠਾਉਣ ਬਾਰੇ ਵਿਚਾਰ ਕਰ ਰਹੀ ਹੈ। ਕਾਂਗਰਸ ਆਗੂ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਿਸੇ ਵੀ ਵਿਅਕਤੀ ਦੀ ਵੋਟ ਦੀ ਕੀਮਤ ਵੀ ਓਨੀ ਹੀ ਹੁੰਦੀ ਹੈ ਜਿੰਨੀ ਪ੍ਰਧਾਨ ਮੰਤਰੀ ਦੇ ਵੋਟ ਦੀ ਹੁੰਦੀ ਹੈ। ਪ੍ਰਧਾਨ ਮੰਤਰੀ ਵੋਟ ਪਾਉਣ ਲਈ ਨਿਕਲਦੇ ਹਨ ਤਾਂ ਢਾਈ ਘੰਟੇ ਦਾ ਰੋਡ ਸ਼ੋਅ ਕਰਦੇ ਹਨ। ਚੋਣ ਕਮਿਸ਼ਨ ਦੀਆਂ ਕੀ ਮਜਬੂਰੀਆਂ ਹਨ ਕਿ ਉਸ ਨੂੰ ਕੁਝ ਸੁਣਾਈ ਅਤੇ ਦਿਖਾਈ ਨਹੀਂ ਦਿੰਦਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਕਾਂਤੀਭਾਈ ਖਰਾੜੀ ਨੇ ਸੁਰੱਖਿਆ ਮੰਗੀ ਸੀ ਪਰ ਉਨ੍ਹਾਂ ’ਤੇ ਰਾਤ ਸਮੇਂ ਹਮਲਾ ਹੋ ਗਿਆ। ਖੇੜਾ ਨੇ ਦੋਸ਼ ਲਾਇਆ ਕਿ ਲੋਕਤੰਤਰ ਦੀ ਦਿਨ-ਦਿਹਾੜੇ ਹੱਤਿਆ ਹੋ ਰਹੀ ਹੈ ਅਤੇ ਇਸ ’ਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ।