ਵ੍ਹਾਈਟ ਹਾਊਸ ਨੇੜੇ ਲੱਗੇ ‘ਚੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ
ਵਾਸ਼ਿੰਗਟਨ, 5 ਦਸੰਬਰ– : ਚੀਨ ਵਿੱਚ ਕਰੋਨਾ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਅਤੇ ਸਿਆਸੀ ਬਦਲਾਅ ਲਈ ਚੱਲ ਰਹੇ ਪ੍ਰਦਰਸ਼ਨਾਂ ਦੇ ਸਮਰਥਨ ’ਚ ਐਤਵਾਰ ਨੂੰ 200 ਦੇ ਕਰੀਬ ਲੋਕਾਂ ਨੇ ਅਮਰੀਕਾ ਵਿੱਚ ਵ੍ਹਾਈਟ ਹਾਊਸ ਨੇੜੇ ਇਕੱਠੇ ਹੋ ਕੇ ਮੋਮਬੱਤੀਆਂ ਜਗਾਈਆਂ ਅਤੇ ‘ਚੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਏ। ਇਸ ਦੌਰਾਨ ਫ੍ਰੀਡਮ ਪਲਾਜ਼ਾ ਨੇੜੇ ਪ੍ਰਦਰਸ਼ਨਕਾਰੀਆਂ ਨੇ ‘ਕੋਈ ਤਾਨਾਸ਼ਾਹੀ ਨਹੀਂ, ਕੋਈ ਸੈਂਸਰਸ਼ਿਪ ਨਹੀਂ’ ਦੇ ਬੈਨਰ ਚੁੱਕੇ ਹੋਏ ਸਨ। ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਸਰਕਾਰ ਦਾ ਅਸਤੀਫਾ ਮੰਗਿਆ ਅਤੇ ਕੁਝ ਨੇ ‘ਚੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਵੀ ਲਗਾਏ। ਜ਼ਿਕਰਯੋਗ ਹੈ ਕਿ 25 ਨਵੰਬਰ ਨੂੰ ਚੀਨ ਦੇ ਉਰੂਮਕੀ ਸ਼ਹਿਰ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਏ ਸਨ। ਅਧਿਕਾਰੀਆਂ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਕਰੋਨਾ ਸਬੰਧੀ ਪਾਬੰਦੀਆਂ ਕਾਰਨ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਜਾਂ ਲੋਕਾਂ ਨੂੰ ਉਥੋਂ ਨਿਕਲਣ ਨਹੀਂ ਦਿੱਤਾ ਗਿਆ। ਜੋ ਲੋਕ ਪਹਿਲਾਂ ਹੀ ਕਰੋਨਾ ਸਬੰਧੀ ਪਾਬੰਦੀਆਂ ਤੋਂ ਪ੍ਰੇਸ਼ਾਨ ਸਨ, ਇਸ ਘਟਨਾ ਤੋਂ ਬਾਅਦ ਹੋਰ ਵੀ ਗੁੱਸੇ ਵਿੱਚ ਆ ਗਏ।
ਇਸ ਦੌਰਾਨ ਇੱਕ ਚੀਨੀ ਵਿਦਿਆਰਥੀ ਨੇ ਕਿਹਾ, “ਜਦੋਂ ਤੱਕ ਮੇਰੇ ਨਾਲ ਅਜਿਹਾ ਨਹੀਂ ਵਾਪਰਿਆ ਸੀ, ਉਦੋਂ ਤੱਕ ਮੇਰਾ ਇਨ੍ਹਾਂ ਜਨਤਕ ਮੁੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਕੋਵਿਡ ਨੀਤੀ ਅਸਲ ਵਿੱਚ ਬੇਇਨਸਾਫ਼ੀ ਹੈ। ਹੁਣ ਜਦੋਂ ਮੈਂ ਅਜਿਹੇ ਦੇਸ਼ ’ਚ ਹਾਂ ਜਿੱਥੇ ਪ੍ਰਗਟਾਵੇ ਦੀ ਆਜ਼ਾਦੀ ਹੈ ਅਤੇ ਮੇਰੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕਦੀ ਹੈ ਤਾਂ ਮੈਂ ਆਪਣੀ ਗੱਲ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ।’’

