NDTV ਸਭ ਤੋਂ ਵੱਡਾ ਸ਼ੇਅਰਧਾਰਕ ਬਣਨ ਵੱਲ ਅਡਾਨੀ ਗਰੁੱਪ ਓਪਨ ਆਫਰ ’ਚ ਮਿਲੇ 53 ਲੱਖ ਸ਼ੇਅਰ

ਨਵੀਂ ਦਿੱਲੀ – ਐੱਨ. ਡੀ. ਟੀ. ਵੀ. ਸ਼ੇਅਰਧਾਰਕਾਂ ਨੇ ਅਡਾਨੀ ਸਮੂਹ ਨੂੰ ਲਗਭਗ 53 ਲੱਖ ਸ਼ੇਅਰਾਂ ਦੀ ਪੇਸ਼ਕਸ਼ ਕੀਤੀ। ਇਸ ਨਾਲ ਸਮੂਹ ਮੀਡੀਆ ਕੰਪਨੀ ਦਾ ਸਭ ਤੋਂ ਵੱਡਾ ਸ਼ੇਅਰਧਾਰਕ ਬਣ ਜਾਵੇਗਾ ਅਤੇ ਉਸ ਨੂੰ ਪ੍ਰਸਾਰਣਕਰਤਾ ਕੰਪਨੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਅਧਿਕਾਰ ਮਿਲ ਜਾਵੇਗਾ। ਅਡਾਨੀ ਸਮੂਹ ਨੇ ਇਕ ਛੋਟੀ ਕੰਪਨੀ ਨੂੰ ਐਕੁਆਇਰ ਕਰ ਕੇ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ. ਡੀ. ਟੀ. ਵੀ.) ’ਚ 29.18 ਪ੍ਰਤੀਸ਼ਤ ਹਿੱਸੇਦਾਰੀ ’ਤੇ ਅਸਿੱਧੇ ਤੌਰ ’ਤੇ ਅਧਿਕਾਰ ਹਾਸਲ ਕੀਤਾ ਸੀ। ਇਸ ਤੋਂ ਬਾਅਦ ਗਰੁੱਪ ਮੀਡੀਆ ਕੰਪਨੀ ਦੇ ਨਿਵੇਸ਼ਕਾਂ ਲਈ ਖੁੱਲ੍ਹੀ ਪੇਸ਼ਕਸ਼ ਲੈ ਕੇ ਆਇਆ। ਸ਼ੇਅਰ ਬਾਜ਼ਾਰ ਦੇ ਨੋਟੀਫਿਕੇਸ਼ਨ ਮੁਤਾਬਕ ਇਹ ਓਪਨ ਆਫਰ 5 ਦਸੰਬਰ ਨੂੰ ਬੰਦ ਹੋਵੇਗੀ।

ਨੈਸ਼ਨਲ ਸਟਾਕ ਐਕਸਚੇਂਜ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਅਡਾਨੀ ਦੀ ਓਪਨ ਆਫਰ ਦੇ ਤਹਿਤ ਐੱਨ. ਡੀ. ਟੀ. ਵੀ. ਦੇ ਘੱਟ ਗਿਣਤੀ ਸ਼ੇਅਰਧਾਰਕਾਂ ’ਚੋਂ 294 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ 1.67 ਕਰੋੜ ਜਾਂ 26 ਫੀਸਦੀ ਸ਼ੇਅਰ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ’ਚੋਂ ਅਡਾਨੀ ਗਰੁੱਪ ਨੂੰ ਹੁਣ ਤੱਕ 53.27 ਲੱਖ ਸ਼ੇਅਰਾਂ ਲਈ ਪ੍ਰਸਤਾਵ ਮਿਲ ਚੁੱਕੇ ਹਨ। ਕਾਰਪੋਰੇਟ ਨਿਵੇਸ਼ਕਾਂ ਨੇ ਸਭ ਤੋਂ ਵੱਧ 39.34 ਲੱਖ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਦੋਂ ਕਿ ਪ੍ਰਚੂਨ ਨਿਵੇਸ਼ਕਾਂ ਨੇ 7 ਲੱਖ ਤੋਂ ਵੱਧ ਸ਼ੇਅਰਾਂ ਦੀ ਪੇਸ਼ਕਸ਼ ਕੀਤੀ। ਯੋਗ ਸੰਸਥਾਗਤ ਖਰੀਦਦਾਰਾਂ ਨੇ 6.86 ਲੱਖ ਸ਼ੇਅਰਾਂ ਦੀ ਪੇਸ਼ਕਸ਼ ਕੀਤੀ। ਹੁਣ ਤੱਕ ਜਿਨ੍ਹਾਂ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਉਹ ਐੱਨ. ਡੀ. ਟੀ. ਵੀ. ਦੇ ਸ਼ੇਅਰਾਂ ਦਾ 8.26 ਫੀਸਦੀ ਹਨ। ਇਸ ਤੋਂ ਇਲਾਵਾ ਅਡਾਨੀ ਸਮੂਹ 29.18 ਫੀਸਦੀ ਹਿੱਸੇਦਾਰੀ ਪਹਿਲਾਂ ਹੀ ਹਾਸਲ ਕਰ ਚੁੱਕਾ ਹੈ। ਇਹ ਇਨ੍ਹਾਂ ਨੂੰ ਮਿਲਾ ਕੇ ਮੀਡੀਆ ਕੰਪਨੀ ’ਚ ਗਰੁੱਪ ਦੀ ਹਿੱਸੇਦਾਰੀ 37.44 ਫੀਸਦੀ ਹੋਵੇਗੀ, ਜੋ ਇਸ ਦੇ ਸੰਸਥਾਪਕ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦੀ 32.26 ਫੀਸਦੀ ਤੋਂ ਵੱਧ ਹੈ।

Add a Comment

Your email address will not be published. Required fields are marked *