ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

(ਇਟਲੀ) : ਇਟਲੀ ਵਸਦੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਦੁੱਖਦਾਈ ਖ਼ਬਰ ਹੈ, ਜਿੱਥੇ ਉੱਤਰੀ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਮੋਤੇਕੀਉ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਛੇ ਸਾਲਾ ਬੱਚੀ ਸਹਿਜ ਕੌਰ ਰੱਬ ਨੂੰ ਪਿਆਰੀ ਹੋ ਗਈ। ਇਹ ਹਾਦਸਾ ਬੀਤੇ ਵੀਰਵਾਰ ਹੋਇਆ, ਜਿਥੇ ਇਹ ਬੱਚੀ ਐਕਸੀਡੈਂਟ ’ਚ ਜ਼ਖ਼ਮੀ ਹੋ ਗਈ ਸੀ। ਉਸ ਦੀ ਮਾਤਾ ਸਤਵੀਰ ਕੌਰ ਕਾਰ ਚਲਾ ਰਹੀ ਸੀ। ਇਸ ਦੌਰਾਨ ਅਚਾਨਕ ਬੱਚੀ ਦੀ ਸੀਟ ਬੈਲਟ ਖੁੱਲ੍ਹ ਗਈ, ਜਿਸ ’ਤੇ ਉਸ ਦੀ ਮਾਂ ਦਾ ਧਿਆਨ ਬੱਚੀ ਵੱਲ ਗਿਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਸਿੱਧੀ ਦਰੱਖਤ ’ਚ ਟਕਰਾਅ ਗਈ। ਇਸ ਦੌਰਾਨ ਬੱਚੀ ਸਹਿਜ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਬੀਤੇ ਦਿਨ ਇਹ ਬੱਚੀ ਵੈਰੋਨਾ ਦੇ ਬੋਰਗੋ ਤਰੈਨਤੋਂ ਹਸਪਤਾਲ ’ਚ ਦਮ ਤੋੜ ਗਈ।

ਇਸ ਹਾਦਸੇ ’ਚ ਬੱਚੀ ਦੀ ਮਾਤਾ ਸਤਵੀਰ ਕੌਰ ਨੂੰ ਵੀ ਕਾਫੀ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਬਾਂਹ ਵੀ ਟੁੱਟ ਗਈ । ਦੱਸਣਯੋਗ ਹੈ ਕਿ ਬੱਚੀ ਦੇ ਪਿਤਾ ਅਮਰਜੀਤ ਸਿੰਘ ਗੋਪੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਰਾਏ ਖਾਸ ਨਾਲ ਸਬੰਧਿਤ ਹਨ ਅਤੇ ਇਹ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਉੱਤਰੀ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿ ਰਿਹਾ ਹੈ।

Add a Comment

Your email address will not be published. Required fields are marked *