ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਖੱਟੜ, SYL ਨੂੰ ਲੈ ਕੇ ਦਿੱਤਾ ਅਹਿਮ ਬਿਆਨ

ਅੰਮ੍ਰਿਤਸਰ –ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਐੱਸ. ਵਾਈ. ਐੱਲ. ਕੋਈ ਅੱਜ ਦਾ ਵਿਸ਼ਾ ਨਹੀਂ ਹੈ, ਸਗੋਂ ਸਾਲਾਂ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਜੋ ਵੀ ਹੋਵੇ ਦੋਸਤਾਨਾ ਢੰਗ ਨਾਲ ਹੋਵੇ, ਸਾਡਾ ਆਪਸ ’ਚ ਪ੍ਰੇਮ-ਪਿਆਰ ਬਣਿਆ ਰਹੇ। ਖੱਟੜ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਜੋ ਰਿਸ਼ਤੇ ਹਨ, ਉਹ ਅੱਜ ਤੋਂ ਨਹੀਂ ਹਨ, ਬਹੁਤ ਪੁਰਾਣੇ ਸਮੇਂ ਤੋਂ ਹਨ ਤੇ ਵੱਡੇ ਭਰਾ ਤੇ ਛੋਟੇ ਭਰਾ ਦਾ ਰਿਸ਼ਤਾ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਜਿਥੇ ਕਿਤੇ ਗੱਲਬਾਤ ’ਚ ਕੋਈ ਹੱਲ ਨਿਕਲੇਗਾ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਨਿਕਲਿਆ ਤਾਂ ਇਸ ਵਿਸ਼ੇ ਨੂੰ ਸੁਪਰੀਮ ਕੋਰਟ ’ਤੇ ਛੱਡਿਆ ਹੋਇਆ ਹੈ।

ਸੁਪਰੀਮ ਕੋਰਟ ਦਾ ਜੋ ਵੀ ਫ਼ੈਸਲਾ ਕਰੇਗਾ, ਉਹ ਮਨਜ਼ੂਰ ਹੋਵੇਗਾ। ਵਿਧਾਨ ਸਭਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਭਵਨ ਬਣ ਰਿਹਾ ਹੈ, ਵਿਧਾਨ ਸਭਾ ਤਾਂ ਸਾਡੀ ਪਹਿਲਾਂ ਵੀ ਹੈ। ਪਹਿਲਾ ਭਵਨ ਛੋਟਾ ਸੀ, ਇਸ ਲਈ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਸੀਂ ਵੱਡਾ ਭਵਨ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਤਰ੍ਹਾਂ ਦੀ ਛੋਟ ਹਰ ਕਿਸੇ ਨੂੰ ਹੈ, ਅਸੀਂ ਆਪਣਾ ਭਵਨ ਬਣਾ ਰਹੇ ਹਾਂ, ਕੱਲ ਨੂੰ ਦੂਜਾ ਕੋਈ ਦੂਜਾ ਨਵਾਂ ਭਵਨ ਬਣਾਉਣਾ ਚਾਹੁੰਦਾ ਹੈ ਤਾਂ ਇਸ ’ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਚੰਡੀਗੜ੍ਹ ’ਚ ਭਵਨ ਪਹਿਲਾਂ ਵੀ ਹੈ ਤੇ ਚੰਡੀਗੜ੍ਹ ’ਚ ਭਵਨ ਬਾਅਦ ’ਚ ਵੀ ਰਹੇਗਾ। ਇਸ ’ਚ ਕੋਈ ਵਿਵਾਦ ਦਾ ਵਿਸ਼ਾ ਨਹੀਂ ਹੈ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਲੈ ਕੇ ਜੋ ਉਨ੍ਹਾਂ ’ਤੇ ਦੋਸ਼ ਲਗਾ ਰਹੇ ਹਨ, ਹਰਿਆਣਾ ਗੁਰਦੁਆਰਾ ਕਮੇਟੀ ਆਪਣੇ ਫ਼ੈਸਲੇ ਲੈਣ ਦੇ ਸਮਰੱਥ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਨਿਸ਼ਾਨ ਸਿੰਘ, ਨਿਸ਼ਾਨ ਸਿੰਘ ਜਫਰਵਾਲ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਹਰਿੰਦਰ ਸਿੰਘ ਰੋਮੀ, ਸਰਬਜੀਤ ਸਿੰਘ, ਰਣਧੀਰ ਸਿੰਘ ਅਤੇ ਜਤਿੰਦਰਪਾਲ ਸਿੰਘ ਨੇ ਮੁੱਖ ਮੰਤਰੀ ਖੱਟੜ ਨੂੰ ਸਨਮਾਨਿਤ ਵੀ ਕੀਤਾ। ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਿੰਦਰਮੋਹਨ ਸਿੰਘ ਛੀਨਾ, ਸਰਬਜੀਤ ਸਿੰਘ ਸ਼ੰਟੀ, ਰਾਜੇਸ਼ ਹਨੀ, ਡਾ. ਰਾਮ ਚਾਵਲਾ ਆਦਿ ਵੀ ਹਾਜ਼ਰ ਸਨ।

Add a Comment

Your email address will not be published. Required fields are marked *