ਆਸਟ੍ਰੇਲੀਆ ‘ਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ

ਜਲੰਧਰ – ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ ਬਣਾਉਣ ਜਾ ਰਿਹਾ ਹੈ। ਪਰਥ ਸ਼ਹਿਰ ’ਚ 150 ਏਕੜ ਜ਼ਮੀਨ ’ਤੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸ਼੍ਰੀ ਰਾਮ ਮੰਦਰ ਦੀ ਉਚਾਈ 721 ਫੁੱਟ ਹੋਵੇਗੀ। ਟਰੱਸਟ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਦਾ ਇਕ ਵਫ਼ਦ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਆਵੇਗਾ। ਵਫ਼ਦ ਦਾ ਇਹ ਦੌਰਾ 27 ਫਰਵਰੀ ਨੂੰ ਪਰਥ ਤੋਂ ਸ਼ੁਰੂ ਹੋਵੇਗਾ। ਇਸ ਯਾਤਰਾ ਦਾ ਦਿੱਲੀ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਇਸ ਟਰੱਸਟ ਦੇ ਚੇਅਰਮੈਨ ਡਾ. ਦਿਲਾਵਰ ਸਿੰਘ ਹਨ, ਜੋ ਪਿਛਲੇ 35 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ |

ਮੰਦਰ ਕੰਪਲੈਕਸ ਵਿਚ ਹਨੂੰਮਾਨ ਵਾਟਿਕਾ, ਸੀਤਾ ਵਾਟਿਕਾ, ਜਟਾਊ ਬਾਗ, ਸ਼ਬਰੀ ਵਣ, ਜਾਮਵੰਤ ਸਦਨ, ਨਲ ਨੀਲ ਟੈਕਨੀਕਲ ਅਤੇ ਗੁਰੂ ਵਸ਼ਿਸ਼ਟ ਗਿਆਨ ਕੇਂਦਰ ਹੋਣਗੇ। ਮੰਦਰ ਕੰਪਲੈਕਸ ਵਿਚ ਇਕ ਕੈਂਡਲ ਪੋਰਚ, ਚਿਤਰਕੂਟ ਵਾਟਿਕਾ, ਪੰਚਵਟੀ ਵਾਟਿਕਾ ਬਾਗ ਅਤੇ ਇਕ ਪ੍ਰਸਤਾਵਿਤ ਰਾਮ ਨਿਵਾਸ ਹੋਟਲ ਵੀ ਬਣਾਇਆ ਜਾਵੇਗਾ। ਮੰਦਰ ਵਿਚ ਸੀਤਾ ਰਸੋਈ ਰੈਸਟੋਰੈਂਟ, ਰਾਮਾਇਣ ਸਦਨ ਲਾਇਬ੍ਰੇਰੀ ਅਤੇ ਤੁਲਸੀਦਾਸ ਹਾਲ ਵਰਗੇ ਕਲਚਰਲ ਸਥਾਨ ਵੀ ਬਣਾਏ ਜਾਣਗੇ।

ਸਨਾਤਨ ਵੈਦਿਕ ਯੂਨੀਵਰਸਿਟੀ ਮੰਦਰ ਕੰਪਲੈਕਸ ਦੀ 55 ਏਕੜ ਜ਼ਮੀਨ ਵਿਚ ਬਣਾਈ ਜਾਵੇਗੀ। ਇਸ ਦੇ ਨਾਲ ਹੀ ਹਨੂੰਮਾਨ ਵਾਟਿਕਾ ਵਿਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਮੰਦਰ ਵਿਚ ਸ਼ਿਵ ਸਪਤ ਸਾਗਰ ਨਾਂ ਦਾ ਇਕ ਕੁੰਡ ਬਣਾਇਆ ਜਾਵੇਗਾ, ਜਿਸ ਵਿਚ ਭਗਵਾਨ ਸ਼ਿਵ ਜੀ ਦੀ 51 ਫੁੱਟ ਦੀ ਮੂਰਤੀ ਹੋਵੇਗੀ। ਮੰਦਰ ਵਿਚ ਇਕ ਯੋਗਾ ਕੋਰਟ, ਇਕ ਮੈਡੀਟੇਸ਼ਨ ਕੋਰਟ, ਇਕ ਵੇਦ ਲਰਨਿੰਗ ਕੇਂਦਰ, ਇਕ ਖੋਜ ਕੇਂਦਰ ਅਤੇ ਇਕ ਅਜਾਇਬ ਘਰ ਸਮੇਤ ਅਧਿਆਤਮਕ ਸਥਾਨ ਹੋਣਗੇ।

ਮੰਦਰ ਵਿਚ ਤਕਨੀਕੀ ਬਾਗ਼ ਵਰਗੇ ਖੇਤਰਾਂ ਦੇ ਨਾਲ ਕੁਝ ਤਕਨੀਕੀ ਪਹਿਲੂਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟਰੱਸਟ ਨੇ ਕਿਹਾ ਕਿ ਮੰਦਰ ਦੇ ਨਿਰਮਾਣ ਵਿਚ ਜ਼ੀਰੋ ਕਾਰਬਨ ਫੁੱਟਪ੍ਰਿੰਟ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਬਾਇਓ-ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਇਕ ਸੂਰਜੀ ਊਰਜਾ ਪਲਾਂਟ ਵੀ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਗਿਆ ਹੈ। ਵੈਦਿਕ ਪੁਸਤਕਾਂ ਦੇ ਅਧਿਐਨ ਅਤੇ ਪ੍ਰਚਾਰ-ਪ੍ਰਸਾਰ ਲਈ ਵਾਲਮੀਕਿ ਕੇਂਦਰ ਵੀ ਬਣਾਇਆ ਜਾਵੇਗਾ।

Add a Comment

Your email address will not be published. Required fields are marked *