ਨਿਊਯਾਰਕ ’ਚ ਮਹਾਤਮਾ ਗਾਂਧੀ ਦੀ ਤੋੜੀ ਗਈ ਮੂਰਤੀ
ਨਿਊਯਾਰਕ – ਭਾਰਤ ਨੇ ਨਿਊਯਾਰਕ ਵਿਚ ਸ਼ੁੱਕਰਵਾਰ ਨੂੰ ਇਕ ਹਿੰਦੂ ਮੰਦਰ ਦੇ ਬਾਹਰ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜੇ ਜਾਣ ਦੀ ਘਟਨਾ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਸਖ਼ਤ ਨਿੰਦਾ ਕੀਤੀ ਹੈ। ਨਿਊਯਾਰਕ ਵਿਚ ਭਾਰਤ ਦੇ ਵਣਜ ਦੂਤਘਰ ਨੇ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਵੀ ਇਹ ਮਾਮਲਾ ਉਠਾਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਤਰ੍ਹਾਂ ਦੀ ਨਿੰਦਾਯੋਗ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਅਮਰੀਕਾ ਵਿਚ ਮਹਾਤਮਾ ਗਾਂਧੀ ਦੀਆਂ ਮੂਰਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। 2 ਹਫਤਿਆਂ ਵਿਚ ਇਹ ਦੂਜੀ ਘਟਨਾ ਹੈ ਜਦੋਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਤਾਜ਼ਾ ਘਟਨਾਚੱਕਰ ਵਿਚ ਨਿਊਯਾਰਕ ਦੇ ਕਵੀਨਸ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਮੰਦਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਥੌੜੇ ਨਾਲ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ। ਵਣਜ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਨਿਊਯਾਰਕ ਦੇ ਕਵੀਨਸ ਵਿਚ ਇਕ ਮੰਦਰ ਦੇ ਬਾਹਰ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜੇ ਜਾਣ ਦੀ ਸਖਤ ਨਿੰਦਾ ਕਰਦਾ ਹੈ। ਅਸੀਂ ਇਸ ਮਾਮਲੇ ਨੂੰ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਅਤੇ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।
‘ਸੀ.ਬੀ.ਐੱਸ. ਨਿਊਜ਼ ਡਾਟਕਾਮ’ ਅਨੁਸਾਰ ਨਿਗਰਾਨੀ ਕੈਮਰਿਆਂ ਦੀ ਵੀਡੀਓ ਵਿਚ ਦਿਖਿਆ ਹੈ ਕਿ ਇਕ ਵਿਅਕਤੀ ਮੰਗਲਵਾਰ ਨੂੰ ਗਾਂਧੀ ਦੀ ਮੂਰਤੀ ’ਤੇ ਹਥੌੜੇ ਨਾਲ ਤੋੜਦਾ ਹੈ। ਕੁਝ ਮਿੰਟਾਂ ਬਾਅਦ 6 ਲੋਕਾਂ ਦਾ ਇਕ ਸਮੂਹ ਵਾਰੀ-ਵਾਰੀ ਮੂਰਤੀ ਨੂੰ ਹਥੌੜੇ ਨਾਲ ਮਾਰ ਕੇ ਡੇਗ ਦਿੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ ਪੁਲਸ ਵਿਭਾਗ ਦੋਵਾਂ ਘਟਨਾਵਾਂ ਦੀ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਿਹਾ ਹੈ।

