ਬਿਲਾਵਲ ਦਾ ਬਾਜਵਾ ਨੂੰ ਜਵਾਬ-1971 ਦੀ ਸ਼ਰਮਨਾਕ ਹਾਰ ਸਿਆਸੀ ਨਹੀਂ, ਪਾਕਿਸਤਾਨੀ ਫ਼ੌਜ ਦੀ ਵੱਡੀ ਹਾਰ ਸੀ

ਕਰਾਚੀ –ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ 1971 ’ਚ ਪੂਰਬੀ ਪਾਕਿਸਤਾਨ ਨੂੰ ਲੈ ਕੇ ਹੋਈ ਲੜਾਈ ’ਚ ਭਾਰਤੀ ਫ਼ੌਜ ਤੋਂ ਮਿਲੀ ਸ਼ਰਮਨਾਕ ਹਾਰ ‘ਪਾਕਿਸਤਾਨੀ ਫ਼ੌਜ ਦੀ ਵੱਡੀ ਹਾਰ’ ਸੀ। ਉਨ੍ਹਾਂ ਨੇ ਇਹ ਟਿੱਪਣੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਹੋਇਆਂ ਕੀਤੀ, ਜਿਨ੍ਹਾਂ ਨੇ ਭਾਰਤ ਤੋਂ ਮਿਲੀ ਹਾਰ ਨੂੰ ਪਾਕਿਸਤਾਨ ਦੀ ‘ਸਿਆਸੀ ਅਸਫ਼ਲਤਾ’ ਕਰਾਰ ਦਿੱਤਾ ਸੀ। ਬਿਲਾਵਲ ਨੇ ਇਹ ਟਿੱਪਣੀ ਆਪਣੀ ਪਾਕਿਸਤਾਨੀ ਪੀਪੁਲਸ ਪਾਰਟੀ (ਪੀ. ਪੀ. ਪੀ.) ਦੇ 55ਵੇਂ ਸਥਾਪਨਾ ਦਿਵਸ ਮੌਕੇ ਨਿਸ਼ਤਾਰ ਪਾਰਕ ’ਚ ਆਯੋਜਿਤ ਰੈਲੀ ’ਚ ਕੀਤੀ। ਪੀ. ਪੀ. ਪੀ. ਦੇ ਪ੍ਰਧਾਨ ਨੇ ਇਸ ਮੌਕੇ ਆਪਣੀ ਪਾਰਟੀ ਦੇ ਇਤਿਹਾਸ ਦੀ ਚਰਚਾ ਕੀਤੀ ਅਤੇ ਇਸ ਦੇ ਸੰਸਥਾਪਕ  ਤੇ ਆਪਣੇ ਨਾਨਾ ਜ਼ੁਲਿਫ਼ਕਾਰ ਅਲੀ ਭੁੱਟੋ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ।

ਬਿਲਾਵਲ ਨੇ ਕਿਹਾ ਕਿ ਜਦੋਂ ਜ਼ੁਲਿਫਕਾਰ ਅਲੀ ਭੁੱਟੋ ਨੇ ਸੱਤਾ ਸੰਭਾਲੀ, ਉਸ ਸਮੇਂ ਲੋਕਾਂ ਦੀਆਂ ਉਮੀਦਾਂ ਟੁੱਟੀਆਂ ਹੋਈਆਂ ਸਨ ਅਤੇ ਉਹ ਹਰ ਪੱਖੋਂ ਨਿਰਾਸ਼ ਸਨ ਪਰ ਭੁੱਟੋ ਨੇ ਰਾਸ਼ਟਰ ਦੀ ਮੁੜ ਉਸਾਰੀ ਕੀਤੀ ਅਤੇ ਅਖੀਰ ਸਾਡੇ 90,000 ਫ਼ੌਜੀਆਂ ਨੂੰ ਵਾਪਸ ਲੈ ਕੇ ਆਏ, ਜਿਨ੍ਹਾਂ ਨੂੰ ‘ਫ਼ੌਜੀ ਅਸਫ਼ਲਤਾ’ ਕਾਰਨ ਭਾਰਤ ਵੱਲੋਂ ਜੰਗ ਬੰਦੀ ਬਣਾ ਲਿਆ ਗਿਆ ਸੀ। ਉਨ੍ਹਾਂ 90,000 ਫ਼ੌਜੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਅਤੇ ਇਹ ਸਭ ਉਮੀਦ ਕੀਤੀ, ਏਕਤਾ ਦੀ ਅਤੇ ਸ਼ਾਮਲ ਕਰਨ ਦੀ ਸਿਆਸਤ ਕਾਰਨ ਸੰਭਵ ਹੋਇਆ। ਭਾਰਤ ਨੇ 1971 ਦੇ ਬੰਗਲਾਦੇਸ਼ ਮੁਕਤੀ ਸੰਗ੍ਰਾਮ ’ਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਇਸ ਦੇ 90,000 ਤੋਂ ਜ਼ਿਆਦਾ ਫੌਜੀਆਂ ਨੂੰ ਬੰਦੀ ਬਣਾ ਲਿਆ ਸੀ ਅਤੇ ਇਸ ਲੜਾਈ ਤੋਂ ਬਾਅਦ ਦੁਨੀਆ ਦੇ ਨਕਸ਼ੇ ’ਤੇ ਬੰਗਲਾਦੇਸ਼ ਦੇ ਰੂਪ ਵਿਚ ਇਕ ਨਵਾਂ ਦੇਸ਼ ਹੋਂਦ ’ਚ ਆਇਆ ਸੀ।

ਸਾਬਕਾ ਫ਼ੌਜੀ ਮੁਖੀ ਬਾਜਵਾ ਨੇ 20 ਨਵੰਬਰ ਨੂੰ ਆਪਣੀ ਸੇਵਾ-ਮੁਕਤੀ ਤੋਂ ਪਹਿਲਾਂ ਰਾਵਲਪਿੰਡੀ ’ਚ ਫ਼ੌਜੀ ਹੈੱਡਕੁਆਰਟਰ ’ਚ ਆਯੋਜਿਤ ਪ੍ਰੋਗਰਾਮ ’ਚ ਕਿਹਾ ਸੀ ਕਿ ਮੈਂ ਰਿਕਾਰਡ ਸਹੀ ਕਰਨਾ ਚਾਹੁੰਦਾ ਹਾਂ। ਭਾਰਤ ਨਾਲ ਹੋਈ ਲੜਾਈ ’ਚ ਪੂਰਬੀ ਪਾਕਿਸਤਾਨ ਦਾ ਪਤਨ ਫ਼ੌਜੀ ਅਸਫ਼ਲਤਾ ਨਹੀਂ ਸਗੋਂ ਇਕ ਸਿਆਸੀ ਹਾਰ ਸੀ। ਲੜਨ ਵਾਲੇ ਫ਼ੌਜੀਆਂ ਦੀ ਗਿਣਤੀ 92,000 ਨਹੀਂ ਸੀ, ਸਗੋਂ ਸਿਰਫ 34,000 ਸੀ। ਬਾਕੀ ਲੋਕ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸਨ। ਪਾਕਿਸਤਾਨੀ ਫ਼ੌਜੀਆਂ ਦੇ ਬਲੀਦਾਨ ਨੂੰ ਕਦੇ ਠੀਕ ਤਰ੍ਹਾਂ ਮਾਨਤਾ ਨਹੀਂ ਦਿੱਤੀ ਗਈ।

Add a Comment

Your email address will not be published. Required fields are marked *