ਮਲਾਇਕਾ ਤੇ ਨੋਰਾ ਭਾਰਤ ਦੀਆਂ ਸਭ ਤੋਂ ਬਿਹਤਰੀਨ ਡਾਂਸਰ: ਆਯੂਸ਼ਮਾਨ

ਮੁੰਬਈ:ਫਿਲਮ ‘ਐਨ ਐਕਸ਼ਨ ਹੀਰੋ’ ਵਿੱਚ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਨੋਰਾ ਫਤੇਹੀ ਤੇ ਮਲਾਇਕਾ ਅਰੋੜਾ ਨਾਲ ਡਾਂਸ ਕੀਤਾ ਹੈ। ਇਨ੍ਹਾਂ ਦੋਵੇਂ ਡਾਂਸਰਾਂ ਨਾਲ ਕੰਮ ਕਰਨ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਅਦਾਕਾਰ ਨੇ ਕਿਹਾ, ‘ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਡਾਂਸਿੰਗ ਸਟਾਰਜ਼ ਨਾਲ ਕੰਮ ਕਰਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਹੈ।’ ਗੀਤ ‘ਆਪ ਜੈਸਾ ਕੋਈ’ ਵਿੱਚ ਮਲਾਇਕਾ ਅਰੋੜਾ ਅਤੇ ਗੀਤ ‘ਜਿਹੜਾ ਨਸ਼ਾ’ ਵਿੱਚ ਨੋਰਾ ਫਤੇਹੀ ਨਾਲ ਅਦਾਕਾਰ ਨੇ ਕਾਫ਼ੀ ਠੁਮਕੇ ਲਾਏ ਹਨ। ਅਦਾਕਾਰ ਦਾ ਕਹਿਣਾ ਹੈ, ‘ਇਹ ਦੋਵੇਂ ਹੀ ਕਮਾਲ ਦੀਆਂ ਡਾਂਸਰ ਅਤੇ ਬਹੁਤ ਸ਼ਾਨਦਾਰ ਇਨਸਾਨ ਹਨ। ਮੈਨੂੰ ਇਨ੍ਹਾਂ ਦੋਵਾਂ ਨਾਲ ਕੰਮ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਆਸ ਹੈ ਕਿ ਇਹ ਦੋਵੇਂ ਗੀਤ ਦੇਸ਼ ਵਿਦੇਸ਼ ਵਿੱਚ ਲੋਕਾਂ ਵੱਲੋਂ ਪਸੰਦ ਕੀਤੇੇ ਜਾਣਗੇ।’ ਫਿਲਮ ਵਿਚਲੇ ਆਪਣੇ ਕਿਰਦਾਰ ਦਾ ਜ਼ਿਕਰ ਕਰਦਿਆਂ ਆਯੂਸ਼ਮਾਨ ਨੇ ਕਿਹਾ, ‘ਸਿਨੇ ਜਗਤ ਦੀ ਮਸ਼ਹੂਰ ਹਸਤੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਹੀ ਵਧੀਆ ਤਜਰਬਾ ਰਿਹਾ ਹੈ। ਮੈਂ ਮਲਾਇਕਾ ਤੇ ਨੋਰਾ ਦੇ ਕਦਮਾਂ ਨਾਲ ਕਦਮ ਮਿਲਾਉਣ ਦਾ ਯਤਨ ਕੀਤਾ ਹੈ ਤੇ ਮੈਨੂੰ ਆਸ ਹੈ ਕਿ ਇਸ ਫਿਲਮ ਵਿੱਚ ਮੇਰੀ ਪੇਸ਼ਕਾਰੀ ਦਰਸ਼ਕ ਜ਼ਰੂਰ ਕਬੂਲਣਗੇ।’

Add a Comment

Your email address will not be published. Required fields are marked *