ਕੈਬਨਿਟ ਮੰਤਰੀ ਨਿੱਝਰ ਵੱਲੋਂ ਪੰਜਾਬੀਆਂ ਨੂੰ ‘ਬੇਵਕੂਫ਼’ ਕਹਿਣ ’ਤੇ ਵਿਵਾਦ

ਅੰਮ੍ਰਿਤਸਰ, 30 ਨਵੰਬਰ– ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰ ਬੀਰ ਸਿੰਘ ਨਿੱਝਰ ਵੱਲੋਂ ਝੋਨਾ ਲਾ ਕੇ ਪੰਜਾਬ ਦਾ ਪਾਣੀ ਬਰਬਾਦ ਕਰਨ ਦੇ ਮਾਮਲੇ ਵਿੱਚ ਪੰਜਾਬੀਆਂ ਨੂੰ ‘ਬੇਵਕੂਫ਼’ ਕਹਿਣ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿਆਸੀ ਆਗੂਆਂ ਨੇ ਕੈਬਨਿਟ ਮੰਤਰੀ ਦੇ ਬਿਆਨ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਆਪਣੇ ਕਹੇ ਸ਼ਬਦ ਵਾਪਸ ਲੈਣ ਅਤੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਆਖਿਆ ਹੈ। ਅੱਜ ਇੱਥੇ ਚੀਫ਼ ਖਾਲਸਾ ਦੀਵਾਨ ਦੇ ਕੈਂਪਸ ਵਿੱਚ ਕੈਬਨਿਟ ਮੰਤਰੀ ਨਿੱਝਰ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤਕ ਹੇਠਾਂ ਜਾਣ ਬਾਰੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਿਜਲੀ ਮੁਫ਼ਤ ਹੋਣ ਕਾਰਨ ਕਿਸਾਨਾਂ ਨੂੰ ਇੱਕ ਬਟਨ ਦੱਬਣ ਨਾਲ ਟਿਊਬਵੈੱਲ ਰਾਹੀਂ ਪਾਣੀ ਮਿਲ ਰਿਹਾ ਹੈ। ਇਸੇ ਕਰ ਕੇ ਉਹ ਪਾਣੀ ਦੀ ਬਰਬਾਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰੀ ਪਾਣੀ ਦੀ ਵਿਵਸਥਾ ਸੀ ਤੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਕਿਸਾਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਨ੍ਹਾਂ ਝੋਨਾ ਲਾ ਕੇ ਪੰਜਾਬ ’ਚ ਧਰਤੀ ਹੇਠਲੇ ਪਾਣੀ ਦਾ ਪੱੱਧਰ ਹੇਠਾਂ ਲਿਜਾਣ ਲਈ ਪੰਜਾਬੀਆਂ ਨੂੰ ਬੇਵਕੂਫ਼ ਦੱਸਿਆ। 

ਇਸ ਮੌਕੇ ‘ਆਪ’ ਆਗੂ ਅਨਮੋਲ ਗਗਨ ਮਾਨ ਦੀ ਹਥਿਆਰ ਵਾਲੀ ਤਸਵੀਰ ’ਤੇ ਹੋ ਰਹੇ ਵਿਰੋਧ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਗੰਨ ਕਲਚਰ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਹਰ ਆਮ ਤੇ ਖਾਸ ਨੂੰ ਅਜਿਹੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਲੈਣੀਆਂ ਚਾਹੀਦੀਆਂ ਹਨ। ਮਹਿੰਗੀ ਰੇਤ ਦੇ ਮਸਲੇ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਝ ਸਮੇਂ ਵਿੱਚ ‘ਆਪ’ ਸਰਕਾਰ ਇਹ ਮਸਲਾ ਹੱਲ ਕਰ ਲਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਦੌਰਾਨ ਦਰਿਆਵਾਂ ਵਿੱਚੋਂ ਰੇਤ ਨਹੀਂ ਕੱਢੀ ਜਾ ਸਕਦੀ ਹੈ, ਇਸ ਲਈ ਇਹ ਕੰਮ ਲਟਕ ਗਿਆ ਸੀ। ਇਸ ਤੋਂ ਇਲਾਵਾ ਰਾਵੀ ਦਰਿਆ ’ਚੋਂ ਰੇਤ ਕੱਢਣ ’ਤੇ ਅਦਾਲਤ ਨੇ ਰੋਕ ਲਾਈ ਹੋਈ ਹੈ ਤੇ ਇਸ ਸਬੰਧ ਵਿੱਚ ਬੀਐਸਐਫ ਅਤੇ ਫ਼ੌਜ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਕਰ ਦਿੱਤੀ ਗਈ ਹੈ। 

ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਡਾ. ਨਿੱਝਰ ਵੱਲੋਂ ਪੰਜਾਬੀਆਂ ਤੇ ਕਿਸਾਨਾਂ ਨੂੰ ਬੇਵਕੂਫ ਕਹਿਣਾ ਦਾ ਵਿਰੋਧ ਕੀਤਾ ਅਤੇ ਟਵੀਟ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਨੂੰ ਬੇਇੱਜ਼ਤ ਕਰਨ ਬਦਲੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਇਸੇ ਤਰ੍ਹਾਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਡਾ. ਨਿੱਜਰ ਵੱਲੋਂ ਪੰਜਾਬੀਆਂ ਲਈ ਵਰਤੇ ਸ਼ਬਦਾਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਆਖਿਆ ਕਿ ਉਹ ਆਪਣੇ ਸ਼ਬਦ ਵਾਪਸ ਲੈਣ ਤੇ ਲੋਕਾਂ ਤੋਂ ਮੁਆਫ਼ੀ ਮੰਗਣ।

ਮੈਂ ਪੰਜਾਬੀਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ: ਨਿੱਝਰ

ਪੰਜਾਬੀਆਂ ਨੂੰ ਬੇਵਕੂਫ ਕਹਿਣ ਦਾ ਮਾਮਲਾ ਭਖਣ ਤੋਂ ਬਾਅਦ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ। ਉਨ੍ਹਾਂ ਆਖਿਆ ਕਿ ਉਹ ਖੁਦ ਪੰਜਾਬੀ ਹਨ ਅਤੇ ਪੰਜਾਬੀ ਬਹੁਤ ਦਿਲੇਰ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬੀ ਕਿਵੇਂ ਆਜ਼ਾਦੀ ਵਾਸਤੇ ਲੜੇ ਅਤੇ ਹਰੀ ਕ੍ਰਾਂਤੀ ਲਿਆਂਦੀ ਪਰ ਅੱਜ ਉਨ੍ਹਾਂ ਦੇ ਮੂੰਹੋਂ ਕੁਝ ਅਜਿਹੇ ਬੋਲ ਬੋਲੇ ਗਏ ਜਿਨ੍ਹਾਂ ਨਾਲ ਪੰਜਾਬੀਆਂ ਦਾ ਦਿਲ ਦੁਖਿਆ ਹੈ। ਇਸ ਲਈ ਉਹ ਪੰਜਾਬੀਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।

Add a Comment

Your email address will not be published. Required fields are marked *