ਰਵੀਸ਼ ਕੁਮਾਰ ਵੱਲੋਂ ਵੀ ਐੱਨਡੀਟੀਵੀ ਤੋਂ ਅਸਤੀਫ਼ਾ

ਨਵੀਂ ਦਿੱਲੀ, 30 ਨਵੰਬਰ– ਨਿਊਜ਼ ਚੈਨਲ ਐੱਨਡੀਟੀਵੀ ਦੇ ਬਾਨੀ ਪ੍ਰਣੌਏ ਰੌੲੇ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਵੱਲੋਂ ਮੰਗਲਵਾਰ ਰਾਤ ਨੂੰ ਦਿੱਤੇ ਅਸਤੀਫਿਆਂ ਮਗਰੋਂ ਪੱਤਰਕਾਰ ਰਵੀਸ਼ ਕੁਮਾਰ ਨੇ ਵੀ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਿਊਜ਼ ਚੈਨਲ ਨੇ ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਭੇਜ ਕੇ ਰਵੀਸ਼ ਦੇ ਅਸਤੀਫ਼ੇ ਬਾਰੇ ਜਾਣਕਾਰੀ ਦਿੱਤੀ ਹੈ। ਐੱਨਡੀਟੀਵੀ ਨੇ ਸਬੰਧਤ ਮੁਲਾਜ਼ਮਾਂ ਨੂੰ ਭੇਜੀ ਗਈ ਮੇਲ ਵਿੱਚ ਕਿਹਾ, ‘‘ਰਵੀਸ਼ ਦਹਾਕਿਆਂ ਤੋਂ ਐੱਨਡੀਟੀਵੀ ਦਾ ਅਨਿੱਖੜਵਾਂ ਅੰਗ ਰਹੇ ਹਨ; ਉਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਉਹ ਨਵੀਂ ਸ਼ੁਰੂਆਤ ਕਰਨਗੇ ਤਾਂ ਬਹੁਤ ਸਫਲ ਹੋਣਗੇ।’’ ਰਮਨ ਮੈਗਸੈਸੈ ਐਵਾਰਡ ਜੇਤੂ ਰਵੀਸ਼ ਕੁਮਾਰ ਐੱਨਡੀਟੀਵੀ ਦੇ ‘ਹਮ ਲੋਗ’, ਰਵੀਸ਼ ਕੀ ਰਿਪੋਰਟ’, ‘ਦੇਸ ਕੀ ਬਾਤ’ ਅਤੇ ਪ੍ਰਾਈਮ ਟਾਈਮ’ ਸਮੇਤ ਕਈ ਹਫ਼ਤਾਵਾਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ। ਉਨ੍ਹਾਂ ਨੂੰ ਦੋ ਵਾਰ ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ ਵੀ ਮਿਲ ਚੁੱਕਾ ਹੈ।

ਇਸ ਤੋਂ ਪਹਿਲਾਂ ਰੌੲੇ ਦੰਪਤੀ ਨੇ ਪ੍ਰੋਮੋਟਰ ਗਰੁੱਪ ਆਰਆਰਪੀਆਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਅਸਤੀਫੇ ਦੇ ਦਿੱਤੇ ਸਨ। ਰੌਏ ਦੰਪਤੀ ਨੇ ਪ੍ਰੋਮੋਟਰ ਫਰਮ ’ਤੇ ਅਡਾਨੀ ਗਰੁੱਪ ਦੇ ਮੁਕੰਮਲ ਕਬਜ਼ੇ ਮਗਰੋਂ ਅਸਤੀਫ਼ੇ ਦਿੱਤੇ ਹਨ, ਜਿਸ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਫੌਰੀ ਮਨਜ਼ੂਰ ਵੀ ਕਰ ਲਿਆ। ਆਰਆਰਪੀਆਰ, ਜਿਸ ’ਤੇ ਹੁਣ ਅਡਾਨੀ ਗਰੁੱਪ ਦਾ ਕਬਜ਼ਾ ਹੈ, ਦੀ ਨਿਊਜ਼ ਚੈਨਲ ਵਿੱਚ 29.18 ਫੀਸਦ ਦੀ ਹਿੱਸੇਦਾਰੀ ਹੈ। ਰੌਏ ਦੰਪਤੀ ਕੋਲ ਐੱਨਡੀਟੀਵੀ ਦੇ ਪ੍ਰੋਮੋਟਰਾਂ ਵਜੋਂ ਅਜੇ ਵੀ 32.26 ਫੀਸਦ ਦੀ ਹਿੱਸੇਦਾਰੀ ਹੈ ਤੇ ਉਨ੍ਹਾਂ ਖ਼ਬਰ ਚੈਨਲ ਦੇ ਬੋਰਡ ਤੋਂ ਅਸਤੀਫਾ ਨਹੀਂ ਦਿੱਤਾ। ਸਟਾਕ ਐਕਸਚੇਂਜ ਕੋਲ ਮੰਗਲਵਾਰ ਦੇਰ ਰਾਤ ਦਰਜ ਫਾਈਲਿੰਗ ਵਿੱਚ ਨਿਊ ਡੈੱਲੀ ਟੈਲੀਵਿਜ਼ਨ ਲਿਮਟਿਡ ਨੇ ਕਿਹਾ ਸੀ ਕਿ ਰੌਏ ਦੰਪਤੀ ਨੇ ਆਰਆਰਪੀਆਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਬੋਰਡ ਡਾਇਰੈਕਟਰਾਂ ਵਜੋਂ ਅਸਤੀਫੇ ਦੇ ਦਿੱਤੇ ਹਨ। ਪ੍ਰਣੌੲੇ ਰੌੲੇ ਐੱਨਡੀਟੀਵੀ ਦੇ ਚੇਅਰਪਰਸਨ ਤੇ ਰਾਧਿਕਾ ਰੌਏ ਕਾਰਜਕਾਰੀ ਨਿਰਦੇਸ਼ਕ ਹਨ। ਆਰਆਰਪੀਆਰ ਹੋਲਡਿੰਗਜ਼ ਦੇ ਬੋਰਡ ਨੇ ਸੁਦੀਪਤਾ ਭੱਟਾਚਾਰੀਆ, ਸੰਜੈ ਪੁਗਲੀਆ ਤੇ ਸੈਂਥਿਲ ਸਿਨੀਆਹ ਚੈਂਗਲਵਰਾਇਣ ਨੂੰ ਤੁਰੰਤ ਪ੍ਰਭਾਵ ਤੋਂ ਨਵੇਂ ਡਾਇਰੈਕਟਰਾਂ ਵਜੋਂ ਸ਼ਾਮਲ ਕਰ ਲਿਆ ਹੈ। ਆਰਆਰਪੀਆਰਐੱਚ ਬੋਰਡ ਨੇ ਮੰਗਲਵਾਰ ਕੀਤੀ ਆਪਣੀ ਮੀਟਿੰਗ ਵਿੱਚ ਇਨ੍ਹਾਂ ਨਵੀਆਂ ਨਿਯੁਕਤੀਆਂ ਤੇ ਅਸਤੀਫਿਆਂ ਨੂੰ ਮਨਜ਼ੂਰ ਕਰ ਲਿਆ ਸੀ। ਨਵੇਂ ਬੋਰਡ ਡਾਇਰੈਕਟਰਾਂ ਵਜੋਂ ਉਪਰੋਕਤ ਤਿੰਨੇ ਨਾਮ ਅਡਾਨੀ ਗਰੁੱਪ ਵੱਲੋਂ ਮਨੋਨੀਤ ਕੀਤੇ ਗਏ ਸਨ, ਜਿਸ ਨੇ ਇਸੇ ਹਫ਼ਤੇ ਆਰਆਰਪੀਆਰ ਹੋਲਡਿੰਗਜ਼ ਦੀ ਕਮਾਨ ਆਪਣੇ ਹੱਥਾਂ ਵਿੱਚ ਲਈ ਹੈ। ਕਾਬਿਲੇਗੌਰ ਹੈ ਕਿ ਰੌਏ ਦੰਪਤੀ ਨੇ ਸਾਲ 2009 ਵਿੱਚ ਰਿਲਾਇੰਸ ਇੰਡਸਟਰੀਜ਼ ਨਾਲ ਸਬੰਧਤ ਫਰਮ ਤੋੋਂ 400 ਕਰੋੜ ਰੁਪੲੇ ਤੋਂ ਵੱਧ ਦਾ ਵਿਆਜ-ਮੁਕਤ ਕਰਜ਼ਾ ਲਿਆ ਸੀ, ਜਿਸ ਦੀਆਂ ਹੁੰਡੀਆਂ ਮਗਰੋਂ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਕੋਲ ਆ ਗਈਆਂ। ਵੀਸੀਪੀਐੱਲ ਨੇ ਇਸ ਕਰਜ਼ੇ ਦੇ ਸਿਰ ’ਤੇ ਵਾਰੰਟਾਂ ਨੂੰ ਆਰਆਰਪੀਆਰ ਹੋਲਡਿੰਗਜ਼ ਦੇ ਸ਼ੇਅਰਾਂ ਵਿੱਚ ਤਬਦੀਲ ਕਰ ਦਿੱਤਾ, ਜਿਸ ਦੀ ਐੱਨਡੀਟੀਵੀ ਵਿੱਚ 29.2 ਫੀਸਦ ਹਿੱਸੇਦਾਰੀ ਸੀ। ਅਡਾਨੀ ਗਰੁੱਪ ਨੇ ਅਗਸਤ ਵਿੱਚ ਵੀਸੀਪੀਐੱਲ ਨੂੰ ਖਰੀਦਣ ਮਗਰੋਂ ਵਾਰੰਟਾਂ ਨੂੰ ਸ਼ੇਅਰਾਂ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਐੱਨਡੀਟੀਵੀ ਪ੍ਰੋਮੋਟਰਾਂ ਨੇ ਸ਼ੁਰੂਆਤ ਵਿੱਚ ਇਸ ਪੇਸ਼ਕਦਮੀ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਉਨ੍ਹਾਂ ਨਾਲ ਇਸ ਬਾਰੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਪਰ ਪ੍ਰੋਮੋਟਰਾਂ ਨੇ ਇਸ ਹਫ਼ਤੇ ਆਪਣੇ ਸਟੈਂਡ ਵਿੱਚ ਥੋੜ੍ਹੀ ਨਰਮਾਈ ਲਿਆਉਂਦਿਆਂ ਤਬਦੀਲੀ ਦੀ ਇਜਾਜ਼ਤ ਦੇ ਦਿੱਤੀ।

Add a Comment

Your email address will not be published. Required fields are marked *