60 ਗਜ਼ ਦੇ ਮਕਾਨ ਦਾ ਆਇਆ 21 ਲੱਖ ਰੁਪਏ ਬਿਜਲੀ ਦਾ ਬਿੱਲ, ਔਰਤ ਨੇ ਢੋਲ ਵਜਾ ਕੇ ਜਤਾਇਆ ਵਿਰੋਧ

ਪਾਨੀਪਤ– ਹਰਿਆਣਾ ’ਚ ਬਿਜਲੀ ਬਿੱਲ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਦੇ ਚੱਲਦੇ ਕਈ ਲੋਕ ਪਰੇਸ਼ਾਨ ਹਨ। ਕਾਫ਼ੀ ਲੋਕਾਂ ਨੇ ਜ਼ਿਆਦਾ ਬਿੱਲ ਆਉਣ ਦੀ ਸ਼ਿਕਾਇਤ ਵਿਭਾਗ ਨੂੰ ਦਿੱਤੀ ਹੈ। ਪਾਨੀਪਤ ’ਚ 60 ਗਜ਼ ਦੇ ਮਕਾਨ ’ਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੂੰ ਬਿਜਲੀ ਵਿਭਾਗ ਨੇ 21 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ। ਇਸ ’ਤੇ ਔਰਤ ਨੇ ਕਿਹਾ ਕਿ ਬਿਜਲੀ ਬਿੱਲ ਭੇਜਣ ’ਤੇ ਬਿਜਲੀ ਵਿਭਾਗ ਦਾ ਧੰਨਵਾਦ। ਬਜ਼ੁਰਗ ਸੁਮਨ ਨੇ ਲੱਖਾਂ ਦਾ ਬਿਜਲੀ ਬਿੱਲ ਆਉਣ ’ਤੇ ਅਨੋਖੇ ਤਰੀਕੇ ਨਾਲ ਵਿਰੋਧ ਜਤਾਇਆ। ਉਨ੍ਹਾਂ ਨੇ ਸਬ-ਡਿਵੀਜ਼ਨ ਬਿਜਲੀ ਨਿਗਮ ਦਫ਼ਤਰ ਵਿਚ ਢੋਲ ਵਜਵਾਇਆ ਅਤੇ ਅਧਿਕਾਰੀਆਂ ਲਈ ਮਠਿਆਈ ਲੈ ਕੇ ਪਹੁੰਚ ਗਈ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਕੋਲ ਬਿੱਲ ਭਰਨ ਲਈ ਪੈਸੇ ਨਹੀਂ ਹਨ ਅਤੇ ਉਹ ਹੁਣ ਆਪਣਾ ਘਰ ਵੇਚਣ ਜਾ ਰਹੀ ਹੈ। 

ਸਬ-ਡਵੀਜ਼ਨ ਬਿਜਲੀ ਨਿਗਮ ਦੇ ਐਸ.ਡੀ.ਓ ਨਰਿੰਦਰ ਜਗਲਾਨ ਦਾ ਕਹਿਣਾ ਹੈ ਕਿ ਔਰਤ ਦਾ ਬਿਜਲੀ ਬਿੱਲ ਕੁਨੈਕਸ਼ਨ ਉਨ੍ਹਾਂ ਦੀ ਡਿਵੀਜ਼ਨ ਵਿਚ ਨਹੀਂ ਆਉਂਦਾ। ਇਸ ਲਈ ਉਹ ਬਿਜਲੀ ਦਾ ਬਿੱਲ ਠੀਕ ਨਹੀਂ ਕਰ ਸਕਦੇ। ਉਨ੍ਹਾਂ ਨੇ ਦੱਸਿਆ ਕਿ ਔਰਤ ਨੂੰ ਆਪਣਾ ਬਿਜਲੀ ਦਾ ਬਿੱਲ ਠੀਕ ਕਰਵਾਉਣ ਲਈ ਕਿਸੇ ਹੋਰ ਡਿਵੀਜ਼ਨ ਵਿਚ ਜਾਣਾ ਪਵੇਗਾ, ਤਾਂ ਹੀ ਉਨ੍ਹਾਂ ਦਾ ਬਿਜਲੀ ਦਾ ਬਿੱਲ ਠੀਕ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣ ਲਈ ਇੱਥੇ ਢੋਲ ਵਜਾ ਰਹੇ ਹਨ ਅਤੇ ਮਠਿਆਈਆਂ ਵੰਡ ਰਹੇ ਹਨ।

ਫੈਕਟਰੀ ਵਿਚ ਕੰਮ ਕਰਦੀ ਬਜ਼ੁਰਗ ਔਰਤ ਸੁਮਨ ਨੇ ਦੱਸਿਆ ਕਿ ਉਹ ਸ਼ਹਿਰ ਦੇ ਸੰਤ ਨਗਰ ’ਚ 60 ਗਜ਼ ਦੇ ਮਕਾਨ ’ਚ ਇਕੱਲੀ ਰਹਿੰਦੀ ਹੈ। 2019 ‘ਚ ਅਚਾਨਕ ਉਸ ਦਾ ਬਿਜਲੀ ਦਾ ਬਿੱਲ 12 ਲੱਖ ਰੁਪਏ ਆ ਗਿਆ ਸੀ। ਸੁਮਨ ਨੇ ਦੱਸਿਆ ਕਿ ਉਸ ਕੋਲ ਬਿੱਲ ਦੇਣ ਲਈ 12 ਲੱਖ ਰੁਪਏ ਨਹੀਂ ਸਨ। ਇਸ ਕਾਰਨ ਉਹ ਬਿੱਲ ਦਾ ਭੁਗਤਾਨ ਨਹੀਂ ਕਰ ਸਕੀ ਅਤੇ ਇਸ ਬਿੱਲ ‘ਤੇ ਲਗਾਤਾਰ ਵਿਆਜ ਵਸੂਲਿਆ ਜਾ ਰਿਹਾ ਹੈ।

12 ਲੱਖ ਰੁਪਏ ਦੀ ਰਾਸ਼ੀ ਹੁਣ ਵਧ ਕੇ 21 ਲੱਖ 89 ਹਜ਼ਾਰ ਰੁਪਏ ਹੋ ਗਈ ਹੈ। ਔਰਤ ਨੇ ਦੱਸਿਆ ਕਿ ਉਸ ਦੇ ਬਿੱਲ ਵਿਚ 99 ਹਜ਼ਾਰ ਰੀਡਿੰਗ ਦਿਖਾਈ ਗਈ ਹੈ, ਜਦੋਂ ਕਿ 2 ਕਿਲੋਵਾਟ ਮੀਟਰ ’ਚ ਇੰਨੀ ਰੀਡਿੰਗ ਇਕ ਸਾਲ ’ਚ ਵੀ ਨਹੀਂ ਆ ਸਕਦੀ। ਔਰਤ ਦਾ ਕਹਿਣਾ ਹੈ ਕਿ ਬਿੱਲ ਦਾ ਭੁਗਤਾਨ ਕਰਨ ਲਈ ਉਸ ਕੋਲ ਘਰ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਹਾਲਾਂਕਿ ਉਸ ਦੇ ਘਰ ਦੀ ਕੀਮਤ ਵੀ 21 ਲੱਖ ਰੁਪਏ ਨਹੀਂ ਹੋਵੇਗੀ।

Add a Comment

Your email address will not be published. Required fields are marked *