ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦੇਹਾਂਤ

ਪੇਈਚਿੰਗ:ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ (96) ਦਾ ਦੇਹਾਂਤ ਹੋ ਗਿਆ ਹੈ। ਤਿਆਨਮਿਨ ਸਕੁਏਅਰ ’ਤੇ 1989 ’ਚ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਨੂੰ ਫ਼ੌਜ ਵੱਲੋਂ ਦਬਾਉਣ ਮਗਰੋਂ ਜ਼ੇਮਿਨ ਨੇ ਦੇਸ਼ ਦੀ ਅਗਵਾਈ ਕੀਤੀ ਸੀ ਜਿਸ ਮਗਰੋਂ ਦਹਾਕਿਆਂ ਤੱਕ ਆਰਥਿਕ ਸੁਧਾਰਾਂ ’ਚ ਤੇਜ਼ੀ ਦੇਖੀ ਗਈ। ਖ਼ਬਰ ਏਜੰਸੀ ਸਿਨਹੁਆ ਨੇ ਕਿਹਾ ਕਿ ਜਿਆਂਗ ਦਾ ਦੇਹਾਂਤ ਸ਼ੰਘਾਈ ’ਚ ਬਲੱਡ ਕੈਂਸਰ ਅਤੇ ਅੰਗਾਂ ਦੇ ਕੰਮ ਨਾ ਕਰਨ ਕਰਕੇ ਹੋਇਆ। ਉਹ ਸ਼ੰਘਾਈ ਦੇ  ਸਾਬਕਾ ਮੇਅਰ ਅਤੇ ਕਮਿਊਨਿਸਟ ਪਾਰਟੀ ਦੇ ਸਕੱਤਰ ਵੀ ਰਹੇ ਸਨ। ਸਾਲ 1989 ’ਚ ਤਿਆਨਮਿਨ ਦੀ ਕਾਰਵਾਈ ਤੋਂ ਬਾਅਦ ਵੰਡੀ ਹੋਈ ਕਮਿਊਨਿਸਟ ਪਾਰਟੀ ਦੀ ਅਗਵਾਈ ਕਰਦਿਆਂ ਜ਼ੇਮਿਨ ਨੇ ਚੀਨ ’ਚ ਮੰਡੀ ਪੱਖੀ ਸੁਧਾਰਾਂ ਸਮੇਤ ਕਈ ਇਤਿਹਾਸਕ ਬਦਲਾਅ ਕੀਤੇ। ਜ਼ੇਮਿਨ ਦੇ ਕਾਰਜਕਾਲ ਦੌਰਾਨ ਹੀ 1997 ’ਚ ਬ੍ਰਿਟਿਸ਼ ਹਕੂਮਤ ਤੋਂ ਹਾਂਗਕਾਂਗ ਦੀ ਵਾਪਸੀ ਹੋਈ ਅਤੇ 2001 ’ਚ ਚੀਨ ਵਿਸ਼ਵ ਵਪਾਰ ਜਥੇਬੰਦੀ ’ਚ ਸ਼ਾਮਲ ਹੋਇਆ ਸੀ। ਜ਼ੇਮਿਨ ਦੀ ਸਰਕਾਰ ਨੇ ਦੇਸ਼ ’ਚ ਵਿਰੋਧੀ ਸੁਰਾਂ ਨੂੰ ਖ਼ਤਮ ਕਰਦਿਆ ਮਨੁੱਖੀ ਹੱਕਾਂ, ਕਿਰਤ ਅਤੇ ਲੋਕਤੰਤਰ ਪੱਖੀ ਕਾਰਕੁਨਾਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਸੀ। ਜ਼ੇਮਿਨ ਨੇ ਸਰਕਾਰੀ ਅਹੁਦਾ 2004 ’ਚ ਛੱਡ ਦਿੱਤਾ ਸੀ ਪਰ ਪਰਦੇ ਪਿੱਛੇ ਉਹ ਸਰਗਰਮ ਰਹੇ ਜਿਸ ਕਾਰਨ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਉਭਾਰ ਹੋਇਆ ਜਿਨ੍ਹਾਂ 2012 ’ਚ ਸੱਤਾ ਸੰਭਾਲੀ ਸੀ। ਅਫ਼ਵਾਹਾਂ ਮੁਤਾਬਕ ਜਿਆਂਗ ਦੀ ਤਬੀਅਤ ਉਸ ਸਮੇਂ ਤੋਂ ਵਿਗੜਨ ਲੱਗ ਪਈ ਸੀ ਜਦੋਂ ਅਕਤੂਬਰ ’ਚ ਹੁਕਮਰਾਨ ਪਾਰਟੀ ਦੀ ਕਾਂਗਰਸ ਦੌਰਾਨ ਉਨ੍ਹਾਂ ਨੂੰ ਉਸ ’ਚ ਨਹੀਂ ਚੁਣਿਆ ਗਿਆ ਸੀ।

Add a Comment

Your email address will not be published. Required fields are marked *