ਅਮਰੀਕਾ ’ਚ ਸਿੱਖ ਬੱਚੇ ਸ੍ਰੀ ਸਾਹਿਬ ਧਾਰਨ ਕਰ ਕੇ ਜਾ ਸਕਣਗੇ ਸਕੂਲ

ਹੌਪਕਿੰਟਨ: ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਵਿਚ ਸਿੱਖ ਬੱਚਿਆਂ ਨੂੰ ਸ੍ਰੀ ਸਾਹਿਬ ਧਾਰਨ ਕਰ ਕੇ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਵੱਲੋਂ ਸਿੱਖ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਮੁਤਾਬਕ ਸ੍ਰੀ ਸਾਹਿਬ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਵੇਗੀ ਅਤੇ ਵਿਦਿਆਰਥੀ ਸਾਰੇ ਨਿਯਮ ਮੰਨਣ ਲਈ ਪਾਬੰਦ ਹੋਣਗੇ। ਅੰਮ੍ਰਿਤਧਾਰੀ ਸਿੱਖ ਬੱਚਿਆਂ ਲਈ ਸ੍ਰੀ ਸਾਹਿਬ ਤੋਂ ਬਗੈਰ ਸਕੂਲ ਜਾਣਾ ਸੰਭਵ ਨਹੀਂ ਸੀ, ਜਿਸ ਨੂੰ ਵੇਖਦਿਆਂ ਭਾਈਚਾਰੇ ਦੀ ਅਪੀਲ ’ਤੇ ਨੀਤੀ ਵਿਚ ਤਬਦੀਲੀ ਕੀਤੀ ਗਈ। ਸ੍ਰੀ ਸਾਹਿਬ ਨੂੰ ਸਕੂਲੀ ਵਰਦੀ ਤੋਂ ਬਾਹਰ ਕੱਢਣ ’ਤੇ ਰੋਕ ਲਾਈ ਗਈ ਹੈ ਅਤੇ ਸਕੂਲ ਬੱਸ ਵਿਚ ਵੀ ਇਸ ਨੂੰ ਬਾਹਰ ਕੱਢਣ ਦੀ ਮਨਾਹੀ ਹੋਵੇਗੀ।

ਹਰ ਸਾਲ ਸਿੱਖ ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਦਿਆਂ ਇਸ ਨੀਤੀ ਦੀ ਸਮੀਖਿਆ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਦੇ ਇਕ ਸਕੂਲ ਵਿਚ ਪੜ੍ਹਦੇ ਇਕ ਬੱਚੇ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ ਕਕਾਰ ਧਾਰਨ ਕਰਨੇ ਹਰ ਸਿੱਖ ਲਈ ਲਾਜ਼ਮੀ ਹਨ। ਸ੍ਰੀ ਸਾਹਿਬ ਦੇ ਰੂਪ ਵਿਚ ਧਾਰਨ ਕੀਤਾ ਜਾਣ ਵਾਲਾ ਕਕਾਰ ਕੋਈ ਹਥਿਆਰ ਨਾਲ ਸਗੋਂ ਸਿੱਖੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਕਿਸੇ ਵੀ ਸਕੂਲ ਦੀ ਕਲਾਸ ਵਿਚ ਸ੍ਰੀ ਸਾਹਿਬ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਚੀਜ਼ਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਕੈਂਚੀ, ਬੌਕਸ ਕਟਰ ਅਤੇ ਡਿਵਾਈਡਰ ਆਦਿ ਗਿਣੇ ਜਾ ਸਕਦੇ ਹਨ। ਸਕੂਲਾਂ ਨਾਲ ਹੋਏ ਸਮਝੌਤੇ ਤਹਿਤ ਸ੍ਰੀ ਸਾਹਿਬ ਦੀ ਧਾਰ ਨਹੀਂ ਹੋਵੇਗੀ ਅਤੇ ਸਿਰਫ ਸਿੱਖ ਧਰਮ ਨਾਲ ਸਬੰਧਤ ਬੱਚੇ ਹੀ ਸ੍ਰੀ ਸਾਹਿਬ ਧਾਰਨ ਕਰ ਸਕਣਗੇ। ਦੂਜੇ ਪਾਸੇ ਕੁਝ ਬੱਚਿਆਂ ਦੇ ਮਾਪਿਆਂ ਨੇ ਨਵੀਂ ਨੀਤੀ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲਾਂ ਵਿਚ ਅਕਸਰ ਬੱਚਿਆਂ ਦਰਮਿਆਲ ਅਕਸਰ ਝਗੜਾ ਹੋ ਜਾਂਦਾ ਹੈ ਅਤੇ ਅਜਿਹੇ ਵਿਚ ਸ੍ਰੀ ਸਾਹਿਬ ਨਾਲ ਨੁਕਸਾਨ ਹੋ ਸਕਦਾ ਹੈ।

Add a Comment

Your email address will not be published. Required fields are marked *